ਟੋਕੀਓ: ਦਿਨ ਵੇਲੇ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਸੌਣ ਨਾਲ ਟਾਈਪ-2 ਸ਼ੂਗਰ ਦਾ 45 ਫ਼ੀਸਦੀ ਜ਼ਿਆਦਾ ਖ਼ਤਰਾ ਹੋ ਸਕਦਾ ਹੈ। ਇਹ ਤੱਥ ਇੱਕ ਨਵੇਂ ਅਧਿਐਨ 'ਚ ਸਾਹਮਣੇ ਆਏ ਹਨ।


ਯੂਨੀਵਰਸਿਟੀ ਆਫ਼ ਟੋਕੀਓ ਦੇ ਖੋਜਕਾਰਾਂ ਨੇ ਤਿੰਨ ਲੱਖ ਤੋਂ ਜ਼ਿਆਦਾ ਲੋਕਾਂ ਦੀ ਭਾਗੀਦਾਰੀ ਵਾਲੇ 21 ਅਧਿਐਨ ਨਾਲ ਇਹ ਡਾਟਾ ਇਕੱਠਾ ਕੀਤਾ ਹੈ। ਇਸ ਅਧਿਐਨ ਮੁਤਾਬਿਕ 60 ਮਿੰਟ ਤੋਂ ਜ਼ਿਆਦਾ ਸਮੇਂ ਤੱਕ ਸੌਣ ਨਾਲ ਨੀਂਦ ਨੁਕਸਾਨਦਾਇਕ ਹੋ ਸਕਦੀ ਹੈ। 40 ਮਿੰਟ ਤੋਂ ਘੱਟ ਸਮੇਂ ਤੱਕ ਦਿਨ 'ਚ ਸੌਣ ਨਾਲ ਸ਼ੂਗਰ ਦਾ ਖ਼ਤਰਾ ਨਹੀਂ ਹੁੰਦਾ।

ਖੋਜਕਾਰਾਂ ਨੇ ਕਿਹਾ ਕਿ ਦਿਨ 'ਚ ਲੰਬੀ ਨੀਂਦ ਨਾਲ ਰਾਤ ਦੀ ਨੀਂਦ ਪ੍ਰਭਾਵਿਤ ਹੁੰਦੀ ਹੈ। ਅਜਿਹੀ ਨੀਂਦ ਨਾਲ ਦਿਲ ਦੇ ਦੌਰੇ, ਦਿਲ ਸੰਬੰਧੀ ਬਿਮਾਰੀਆਂ ਅਤੇ ਸ਼ੂਗਰ ਸਣੇ ਹੋਰ ਸਮੱਸਿਆਵਾਂ ਦਾ ਖ਼ਤਰਾ ਵੀ ਵੱਧ ਸਕਦਾ ਹੈ।

ਖੋਜਕਾਰਾਂ ਨੇ ਕਿਹਾ ਕਿ ਕੰਮ ਜਾਂ ਸਮਾਜਿਕ ਜੀਵਨ ਸ਼ੈਲੀ ਦੇ ਚੱਲਦਿਆਂ ਨੀਂਦ ਪੂਰੀ ਨਾ ਹੋਣ ਦਾ ਨਤੀਜਾ ਜ਼ਿਆਦਾ ਭੁੱਖ ਲੱਗਣ ਦੇ ਰੂਪ 'ਚ ਨਿਕਲ ਸਕਦਾ ਹੈ, ਜਿਸ ਨਾਲ ਸ਼ੂਗਰ ਦਾ ਖ਼ਤਰਾ ਵਧਣ ਦੀ ਸੰਭਾਵਨਾ ਹੋ ਸਕਦੀ ਹੈ।