ਚੰਡੀਗੜ੍ਹ: ਰਾਜਧਾਨੀ ਦਿੱਲੀ ਦੇ ਵੱਖ-ਵੱਖ ਹਸਪਤਾਲਾਂ ‘ਚ ਕੀਤੇ ਗਏ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਇਕ ਸਾਲ ‘ਚ 60 ਸਾਲ ਤੋਂ ਘੱਟ 100 ਲੋਕਾਂ ਦੇ ਚੂਲਿਆਂ ਦੇ ਫ੍ਰੈਕਚਰ ਦਾ ਇਲਾਜ ਕੀਤਾ ਗਿਆ। ਇਨ੍ਹਾਂ ‘ਚੋਂ ਜ਼ਿਆਦਾਤਰ ਔਰਤਾਂ ਸਨ। ਡਾਕਟਰ ਇਸ ਗੱਲ ਨੂੰ ਲੈ ਕੇ ਕਾਫੀ ਹੈਰਾਨ ਹਨ ਕਿਉਂਕਿ ਚੂਲੇ ਦੇ ਫ੍ਰੈਕਚਰ ਦੀ ਸਮੱਸਿਆ ਆਸਟੀਓਪੋਰੋਸਿਸ ਨਾਲ ਸਬੰਧਿਤ ਹੈ ਜੋ ਆਮ ਤੌਰ ‘ਤੇ ਬਜ਼ੁਰਗ ਲੋਕਾਂ ਨੂੰ ਹੁੰਦੀ ਹੈ। ਅਧਿਐਨ ‘ਚ ਪਾਇਆ ਗਿਆ ਕਿ ਬਜਾਏ ਕਿਸੇ ਹਾਦਸੇ ਦੇ ਆਸਟੀਓਪੋਰੋਸਿਸ ਨਾਲ ਸਬੰਧਿਤ ਅੰਗ ਭੰਗ ਦੇ ਮਾਮਲੇ ਜ਼ਿਆਦਾ ਸਾਹਮਣੇ ਆਏ ਹਨ। ਆਸਟੀਓਪੋਰੋਸਿਸ ‘ਚ ਚੂਲਿਆਂ, ਪਿੱਠ ਤੇ ਬਾਹਵਾਂ ਦੇ ਫ੍ਰੈਕਚਰ ਆਏ। ਇਨ੍ਹਾਂ ‘ਚੋਂ ਬਹੁਤੇ ਕੇਸ ਅਜਿਹੇ ਸਨ, ਜੋ ਘਰ ‘ਚ ਹੀ ਡਿੱਗਣ ਨਾਲ ਹੋਏ।


ਡਾਕਟਰਾਂ ਦਾ ਮੰਨਣਾ ਹੈ ਕਿ ਇਸ ਲਈ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ ਤੇ ਗਤੀਹੀਣ ਜੀਵਨਸ਼ੈਲੀ ਜ਼ਿੰਮੇਵਾਰ ਹੈ। ਅਕਸਰ ਨੌਜਵਾਨ ਲੋਕ ਪਤਲੇ ਰਹਿਣ ਲਈ ਡਾਈਟਿੰਗ ਕਰਦੇ ਹਨ। ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੀ ਨਹੀਂ ਹੁੰਦੀ ਕਿ ਬੋਨਮਾਸ ਸਿਰਫ 40 ਸਾਲ ਤੱਕ ਹੀ ਬਣਦਾ ਹੈ, ਇਸ ਤੋਂ ਬਾਅਦ ਸਾਡਾ ਸਰੀਰ ਇਸ ਨੂੰ ਗੁਆਉਣਾ ਸ਼ੁਰੂ ਕਰ ਦਿੰਦਾ ਹੈ ਤੇ ਕੰਕਾਲ ਸਬੰਧੀ ਸਿਸਟਮ ਕਮਜ਼ੋਰ ਹੋਣ ਲੱਗ ਪੈਂਦਾ ਹੈ। ਇਸ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਕੈਲਸ਼ੀਅਮ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਤੇਜ਼ ਸਰਗਰਮੀਆਂ ਵਾਲੇ ਕੁਝ ਕੰਮ ਜ਼ਰੂਰ ਕਰਨੇ ਚਾਹੀਦੇ ਹਨ।


ਹੱਡੀ ਰੋਗ ਮਾਹਿਰਾਂ ਅਨੁਸਾਰ ਨੌਜਵਾਨਾਂ ਨੂੰ ਸਿਰਫ ਆਪਣੇ ਮਸਲਜ਼ ਮਜ਼ਬੂਤ ਬਣਾਉਣ ਲਈ ਹੀ ਕਸਰਤ ਨਹੀਂ ਕਰਨੀ ਚਾਹੀਦੀ ਸਗੋਂ ਉਨ੍ਹਾਂ ਨੂੰ ਬੋਨਮਾਸ ਨੂੰ ਮਜ਼ਬੂਤੀ ਦੇਣ ਵਾਲੀਆਂ ਕਸਰਤਾਂ ਵੀ ਜ਼ਰੂਰ ਕਰਨੀਆਂ ਚਾਹੀਦੀਆਂ ਹਨ। ਇਸ ਲਈ ਐਰੋਬਿਕ ਕਸਰਤਾਂ ਕਾਫੀ ਫਾਇਦੇਮੰਦ ਹਨ। ਡਾਕਟਰਾਂ ਦਾ ਸੁਝਾਅ ਹੈ ਕਿ 50 ਸਾਲ ਪੂਰੇ ਹੋਣ ਤੋਂ ਬਾਅਦ ਹਰੇਕ ਵਿਅਕਤੀ ਨੂੰ ਸਿਗਰਟਨੋਸ਼ੀ ਦਾ ਸੇਵਨ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਇਹ ਹੱਡੀਆਂ ‘ਚੋਂ ਕੈਲਸ਼ੀਅਮ ਦੀ ਮਾਤਰਾ ਨੂੰ ਘੱਟ ਕਰਦੀ ਹੈ, ਨਾਲ ਹੀ ਉਨ੍ਹਾਂ ਨੂੰ ਕਸਰਤ ਵੀ ਕਰਨੀ ਚਾਹੀਦੀ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904