ਚੰਡੀਗੜ੍ਹ: ਖੋਜਾਂ ਤੋਂ ਇਹ ਸਿੱਧ ਹੋ ਚੁੱਕਾ ਹੈ ਕਿ ਹਿਲਦੇ ਜਾਂ ਢਿੱਲੇ ਦੰਦਾਂ ਦੀ ਸਮੱਸਿਆ ਸ਼ੁਰੂ ਹੋਣ ਦਾ ਉਮਰ ਦੇ ਕਿਸੇ ਪੜਾਅ ਨਾਲ ਸੰਬੰਧ ਨਹੀਂ ਭਾਵ ਇਹ ਸਮੱਸਿਆ ਕਿਸੇ ਵੀ ਉਮਰ ‘ਚ ਹੋ ਸਕਦੀ ਹੈ। ਪਿਛਲੇ ਸਾਲਾਂ ਦੌਰਾਨ ਹਿਲਦੇ ਦੰਦਾਂ ਦੀ ਸ਼ਿਕਾਇਤ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। ਡੈਂਟਿਸਟਾਂ ਅਨੁਸਾਰ ਹਿਲਦੇ ਦੰਦਾਂ ਦੇ ਦੋ ਮੁੱਖ ਕਾਰਨ ਹਨ ਮਸੂੜਿਆਂ ਦੇ ਰੋਗ ਅਤੇ ਮੂੰਹ ਵਿਚ ਸੱਟ।


ਦੰਦਾਂ ਦੇ ਢਾਂਚੇ ਵਿਚ ਮੁੜ ਨਿਰਮਾਣ ਅਤੇ ਮੁਰੰਮਤ ਵਿਚ ਕੈਲਸ਼ੀਅਮ ਅਤੇ ਸਿਲਿਕਾ ਵਰਗੇ ਖਣਿਜ ਮਹੱਤਵਪੂਰਨ ਹੁੰਦੇ ਹਨ। ਦੰਦਾਂ ਦੇ ਮਾਹਿਰਾਂ ਅਨੁਸਾਰ ਵਿਟਾਮਿਨ ਸੀ, ਡੀ ਅਤੇ ਕੇ ਵੀ ਮਸੂੜਿਆਂ ਦੀ ਤੰਦਰੁਸਤੀ ਲਈ ਮਹੱਤਵਪੂਰਨ ਹਨ, ਇਸ ਲਈ ਤੁਸੀਂ ਆਪਣੀ ਡਾਈਟ ਵਿਚ ਵਿਟਾਮਿਨ ਸੀ ਭਰਪੂਰ ਖਾਧ ਪਦਾਰਥ (ਨਿੰਬੂ ਦਾ ਰਸ ਅਤੇ ਸੰਤਰੇ) ਸ਼ਾਮਲ ਕਰ ਸਕਦੇ ਹੋ। ਮਸੂੜਿਆਂ ਦੇ ਰੋਗ ਅਤੇ ਹਿਲਦੇ ਦੰਦਾਂ ਦਾ ਇਲਾਜ ਸੰਭਵ ਹੈ ਅਤੇ ਇਸ ਦੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਰਿਵਰਸ ਕੀਤਾ ਜਾ ਸਕਦਾ ਹੈ।


ਲੇਜ਼ਰ ਟ੍ਰੀਟਮੈਂਟਸ ਵਰਗੀਆਂ ਆਧੁਨਿਕ ਤਕਨੀਕਾਂ ਵੀ ਅੱਜ ਮੌਜੂਦ ਹਨ, ਜਿਨ੍ਹਾਂ ਨਾਲ ਦੰਦਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਬਹੁਤੇ ਦਰਦ ਤੋਂ ਬਿਨਾਂ ਸਹੀ ਟ੍ਰੀਟਮੈਂਟ ਪ੍ਰਾਪਤ ਕਰਨ ਲਈ ਜ਼ਰੂਰੀ ਹੈ ਕਿ ਰੁਟੀਨ ਵਿਚ ਡੈਂਟਿਸਟ ਕੋਲ ਜਾਓ।


ਕਾਰਨ-


* ਹੱਡੀਆਂ ਦਾ ਖੁਰਨਾ ਜੋ ਆਮ ਤੌਰ ‘ਤੇ ਮਸੂੜਿਆਂ ਦੇ ਰੋਗ ਕਾਰਨ ਹੁੰਦਾ ਹੈ। ਮਸੂੜਿਆਂ ਦੇ ਰੋਗ ਨਾਲ ਦਿਲ ਦਾ ਦੌਰਾ, ਸਟ੍ਰੋਕ, ਡਾਇਬਟੀਜ਼ ਅਤੇ ਹੋਰ ਕਈ ਗੰਭੀਰ ਸਮੱਸਿਆਵਾਂ ਦਾ ਖਤਰਾ ਵੀ ਵਧਦਾ ਹੈ। ਇਸ ਲਈ ਮਸੂੜਿਆਂ ਦੇ ਰੋਗਾਂ ਨੂੰ ਨਜ਼ਰ ਅੰਦਾਜ਼ ਨਾ ਕਰੋ।


* ਮੂੰਹ ਦੀ ਘਟੀਆ ਹਾਈਜੀਨ, ਸਿਗਰਟਨੋਸ਼ੀ, ਡਾਇਬਟੀਜ਼ ਅਤੇ ਲਗਾਤਾਰ ਦੰਦਾਂ  ਦੀ ਸਫਾਈ ਨਾ ਹੋਣ ਨਾਲ ਦੰਦਾਂ ਸੰਬੰਧੀ ਰੋਗ ਹੁੰਦੇ ਹਨ।


* ਬੈਕਟੀਰੀਆ ਦੇ ਇਕੱਠੇ ਹੋਣ ਨਾਲ ਵੀ ਹਿਲਦੇ ਦੰਦਾਂ ਦੀ ਸਮੱਸਿਆ ਪੈਦਾ ਹੁੰਦੀ ਹੈ।


* ਮਸੂੜਿਆਂ ਦੇ ਹੇਠਾਂ ਭੋਜਨ ਅਤੇ ਬੈਕਟੀਰੀਆ ਦੇ ਇਕੱਠੇ ਹੋਣ ਅਤੇ ਲੰਬੇ ਸਮੇਂ ਤੱਕ ਰਹਿਣ ਨਾਲ ਇਨਫੈਕਸ਼ਨ ਫੈਲਦੀ ਹੈ, ਜਿਸ ਕਾਰਨ ਦੰਦਾਂ ਤੇ ਮਸੂੜਿਆਂ ਦੇ ਸੈੱਲ ਢਿੱਲੇ ਹੋਣ ਲੱਗਦੇ ਹਨ, ਜਿਸ ਨਾਲ ਦੰਦ ਹਿੱਲਣ ਲੱਗਦੇ ਹਨ।


ਪ੍ਰਭਾਵ- ਜੇਕਰ ਇਲਾਜ ਨਾ ਕਰਵਾਇਆ ਜਾਏ ਤਾਂ..ਮਸੂੜਿਆਂ ਦੀ ਇਨਫੈਕਸ਼ਨ ਜੋੜਨ ਵਾਲੇ ਫਾਈਬਰਸ ਨੂੰ ਖਤਮ ਕਰਦੀ ਹੈ ਅਤੇ ਮੂੰਹ ‘ਚ ਦੰਦਾਂ ਨੂੰ ਜਕੜ ਕੇ ਰੱਖਣ ਵਾਲੀ ਹੱਡੀ ਦੀ ਕਾਰਜ ਪ੍ਰਣਾਲੀ ਘਟੀਆ ਬਣਾਉਂਦੀ ਹੈ। ਆਮ ਮਾਮਲਿਆਂ ਵਿਚ ਲੋਕ ਇਸ ਬੀਮਾਰੀ ਪ੍ਰਤੀ ਲਾਪ੍ਰਵਾਹ ਰਹਿੰਦੇ ਹਨ ਕਿਉਂਕਿ ਇਹ ਦਰਦ ਰਹਿਤ ਹੁੰਦੀ ਹੈ, ਜਦੋਂ ਤੱਕ ਕਿ ਹਿੱਲਦੇ ਦੰਦ, ਮਸੂੜਿਆਂ ‘ਚੋਂ ਖੂਨ ਨਿਕਲਣਾ ਅਤੇ ਸਾਹ ਦੀ ਦੁਰਗੰਧ ਵਰਗੇ ਲੱਛਣ ਸਾਹਮਣੇ ਨਾ ਆ ਜਾਣ।


ਇਲਾਜ


* ਮਸੂੜਿਆਂ ਦੀ ਚੰਗੀ ਤਰ੍ਹਾਂ ਸਫਾਈ ਨਾਲ ਦੰਦਾਂ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਜੇਕਰ ਭੋਜਨ ਚਿੱਥਣ ਵਿਚ ਮੁਸ਼ਕਿਲ ਹੁੰਦੀ ਹੋਵੇ ਤਾਂ ਇਹ ਸੰਕੇਤ ਹੈ ਕਿ ਤੁਹਾਡੇ ਦੰਦਾਂ ਦੀ ਜਾਂਚ ਹੋਣੀ ਚਾਹੀਦੀ ਹੈ।


* ਜੇਕਰ ਤੁਹਾਡੇ ਦੰਦ ਇਕ ਸੇਧ ਵਿਚ ਨਹੀਂ ਹਨ ਤਾਂ ਇਸ ਨੂੰ ਦੰਦਾਂ ਦੀ ਕੱਟਣ ਵਾਲੀ ਸਤ੍ਹਾ ਨੂੰ ਹਲਕੀ ਜਿਹੀ ਸ਼ੇਪ ਰਾਹੀਂ ਸੁਧਾਰਿਆ ਜਾ ਸਕਦਾ ਹੈ। ਆਰਥੋਡੋਂਟਿਕ ਟ੍ਰੀਟਮੈਂਟ ਰਾਹੀਂ ਦੰਦਾਂ ਦੀ ਸੇਧ ਅਤੇ ਬਾਈਟ ਐਡਜਸਟਮੈਂਟ ਪ੍ਰਾਪਤ ਕੀਤੀ ਜਾ ਸਕਦੀ ਹੈ।


* ਦੰਦ ਪੀਸਣ ਦੀ ਆਦਤ ਕਾਰਨ ਜਿਹੜੇ ਦੰਦ ਹਿੱਲਣ ਲੱਗਦੇ ਹਨ, ਉਨ੍ਹਾਂ ਨੂੰ ਇਕ ਨਾਈਟ ਗਾਰਡ ਪਹਿਨ ਕੇ ਮਜ਼ਬੂਤ ਕੀਤਾ ਜਾ ਸਕਦਾ ਹੈ। ਨਾਈਟ ਗਾਰਡ ਤੁਹਾਡੇ ਦੰਦਾਂ ‘ਤੇ ਫਿੱਟ ਹੋ ਜਾਂਦੇ ਹਨ ਅਤੇ ਦੰਦ ਪੀਸਣ ਤੋਂ ਰੋਕਦਾ ਹੈ। ਜੋ ਦੰਦ ਹਿਲਦੇ ਅਤੇ ਹਰ ਦਿਸ਼ਾ ਵਿਚ ਘੁੰਮਦੇ ਹੋਣ, ਉਨ੍ਹਾਂ ਨੂੰ ਕਢਵਾਇਆ ਜਾ ਸਕਦਾ ਹੈ।


ਘਰੇਲੂ ਇਲਾਜ- * ਕਾਲੀ ਮਿਰਚ ਅਤੇ ਹਲਦੀ ਦੇ ਮਿਸ਼ਰਣ ਦੀ ਵਰਤੋਂ ਮਸੂੜਿਆਂ ਦੀ ਮਾਲਸ਼ ਲਈ ਕੀਤੀ ਜਾ ਸਕਦੀ ਹੈ।


* ਨਮਕ ਅਤੇ ਸਰ੍ਹੋਂ ਦੇ ਤੇਲ ਦੇ ਮਿਸ਼ਰਣ ਦੀ ਵਰਤੋਂ ਨਾਲ ਮਸੂੜਿਆਂ ਨੂੰ ਤਾਕਤਵਰ ਬਣਾਇਆ ਜਾ ਸਕਦਾ ਹੈ ਅਤੇ ਹਿਲਦੇ ਦੰਦਾਂ ਤੋਂ ਬਚਿਆ ਜਾ ਸਕਦਾ ਹੈ।


* ਆਂਵਲੇ ਦੇ ਰਸ ਅਤੇ ਸਾਫ ਪਾਣੀ ਦੇ ਮਿਸ਼ਰਣ ਨਾਲ ਆਪਣੇ ਮੂੰਹ ਅੰਦਰਲੀ ਸਫਾਈ ਕਰੋ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904