ਭਿਵਾਨੀ: ਹਰਿਆਣਾ ਦੇ ਸ਼ਹਿਰ ਭਿਵਾਨੀ ਦੇ ਸਰਕਾਰੀ ਹਸਪਤਾਲ ਵਿੱਚ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਮੋਤੀਆ ਦੇ ਇਲਾਜ ਲਈ ਆਪ੍ਰੇਸ਼ਨ ਦੌਰਾਨ ਖ਼ਰਾਬ ਦਵਾਈ ਪਾਉਣ ਕਾਰਨ ਤਕਰੀਬਨ 40 ਮਰੀਜ਼ਾਂ ਦੀਆਂ ਅੱਖਾਂ ਦੀ ਰੌਸ਼ਨੀ ਖ਼ਰਾਬ ਹੋਣ ਕੰਢੇ ਪਹੁੰਚ ਗਈ ਹੈ। ਡਾਕਟਰਾਂ ਨੂੰ ਖ਼ਦਸ਼ਾ ਹੈ ਕਿ ਜ਼ਿਆਦਾਤਰ ਮਰੀਜ਼ਾਂ ਦੀ ਨਜ਼ਰ ਪੱਕੇ ਤੌਰ 'ਤੇ ਜਾ ਸਕਦੀ ਹੈ।


ਸ਼ਹਿਰ ਦੇ ਕਿਸ਼ਨ ਲਾਲ ਜਾਲਾਨ ਸਰਕਾਰੀ ਹਸਪਤਾਲ ਵਿੱਚ ਬੀਤੀ 11, 13 ਤੇ 18 ਮਾਰਚ ਨੂੰ ਮੋਤੀਆ ਹਟਾਉਣ ਲਈ ਅੱਖਾਂ ਦੇ ਆਪ੍ਰੇਸ਼ਨ ਹੋਏ ਸਨ। ਤਕਰੀਬਨ 400 ਮਰੀਜ਼ਾਂ ਦੇ ਆਪ੍ਰੇਸ਼ਨ ਹੋਏ, ਪਰ 37 ਜਣਿਆਂ ਨੂੰ ਸਰਜਰੀ ਮਗਰੋਂ ਅੱਖਾਂ ਵਿੱਚ ਪ੍ਰੇਸ਼ਾਨੀ ਹੋਣੀ ਸ਼ੁਰੂ ਹੋ ਗਈ। ਵੱਡੀ ਗਿਣਤੀ ਵਿੱਚ ਮਰੀਜ਼ਾਂ ਵੱਲੋਂ ਦਿੱਕਤ ਹੋਣ ਕਾਰਨ ਪੀਜੀਆਈ ਰੋਹਤਕ ਚੌਕਸ ਹੋ ਗਿਆ। ਹਸਪਤਾਲ ਦੇ ਰੈਟੀਨਾ ਵਿਭਾਗ ਨੂੰ ਮਰੀਜ਼ਾਂ ਦੀਆਂ ਅੱਖਾਂ ਬਚਾਉਣ ਵਿੱਚ ਲਾ ਦਿੱਤਾ ਗਿਆ ਹੈ।

ਅਲਵਰ ਦੇ ਰਹਿਣ ਵਾਲੇ ਮੁਨਸ਼ੀ, ਭਿਵਾਨੀ ਦੇ ਭੀਮ ਸਿੰਘ, ਸਰਦਾਰਪੁਰਾ ਦੇ ਕਰਨ ਸਿੰਘ, ਮਹਿੰਦਰਗੜ੍ਹ ਦੀ ਬਸੰਤੀ, ਜੀਂਦ ਡੋਇਲਾ ਦੀ ਕਮਲਾ ਆਦਿ ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਭਿਵਾਨੀ ਦੇ ਕ੍ਰਿਸ਼ਨ ਲਾਲ ਜਲਾਨਾ ਸਰਕਾਰੀ ਅੱਖਾਂ ਦੇ ਹਸਪਤਾਲ ਤੋਂ ਆਪ੍ਰੇਸ਼ਨ ਕਰਵਾਇਆ ਸੀ। ਆਪ੍ਰੇਸ਼ਨ ਮਗਰੋਂ ਉਹ ਘਰ ਚਲੇ ਗਏ। ਘਰ ਪਹੁੰਚ ਕੇ ਉਨ੍ਹਾਂ ਨੂੰ ਤੇਜ਼ ਦਰਦ ਮਹਿਸੂਸ ਹੋਇਆ ਜੋ ਹੌਲੀ-ਹੌਲੀ ਅਸਿਹਣਯੋਗ ਹੁੰਦਾ ਜਾ ਰਿਹਾ ਸੀ।

ਡਾਕਟਰਾਂ ਨੂੰ ਦਿਖਾਉਣ 'ਤੇ ਮਰੀਜ਼ਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀਆਂ ਅੱਖਾਂ ਵਿੱਚ ਪੀਕ ਭਰ ਗਈ ਹੈ। ਮਰੀਜ਼ ਤੁਰੰਤ ਪੀਜੀਆਈ ਰੋਹਤ ਪਹੁੰਚੇ ਤਾਂ ਉੱਥੇ ਕਰਨਾਲ ਤੇ ਝੱਜਰ ਜ਼ਿਲ੍ਹਿਆਂ ਦੇ ਮਰੀਜ਼ ਵੀ ਆ ਗਏ। ਪੀਜੀਆਈ ਦੇ ਡਾਕਟਰਾਂ ਮੁਤਾਬਕ ਮਰੀਜ਼ਾਂ ਦੀਆਂ ਅੱਖਾਂ ਵਿੱਚ ਖਰਾਬ ਦਵਾਈ ਪਾਈ ਗਈ, ਜਿਸ ਕਾਰਨ ਇਨਫੈਕਸ਼ਨ ਹੋ ਗਈ ਤੇ ਪੀਕ ਬਣ ਗਈ।

ਉਨ੍ਹਾਂ ਦਾ ਕਹਿਣਾ ਹੈ ਕਿ ਪੀਕ ਜ਼ਿਆਦਾ ਹੋਣ ਕਾਰਨ ਮਰੀਜ਼ਾਂ ਦੀ ਨਜ਼ਰ ਬਚਾਉਣੀ ਮੁਸ਼ਕਿਲ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪੀਕ ਅੱਗੇ ਸ਼ਰੀਰ ਵਿੱਚ ਨਾ ਫੈਲੇ, ਇਸ ਲਈ ਮਰੀਜ਼ਾਂ ਦੀਆਂ ਅੱਖਾਂ ਵੀ ਕੱਢਣੀਆਂ ਪੈ ਸਕਦੀਆਂ ਹਨ।

ਭਿਵਾਨੀ ਦੀ ਮੁੱਖ ਮੈਡੀਕਲ ਅਫਸਰ ਆਦਿਤਿਆ ਸਵਰੂਪ ਗੁਪਤਾ ਨੇ ਕਿਹਾ ਕਿ ਉਨ੍ਹਾਂ ਜਾਂਚ ਦੇ ਹੁਕਮ ਦੇ ਦਿੱਤੇ ਹਨ, ਪਰ ਪਹਿਲਾਂ ਮਰੀਜ਼ਾਂ ਦੀਆਂ ਅੱਖਾਂ ਦੀ ਰੌਸ਼ਨੀ ਬਚਾਉਣ ਵੱਲ ਧਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਦੋਸ਼ੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।