ਕਈ ਵਾਰ ਡਾਕਟਰ ਸਲਾਹ ਦਿੰਦੇ ਹਨ ਕਿ ਜੂਸ ਪੀਣ ਨਾਲ ਤੁਹਾਨੂੰ ਚੰਗਾ ਮਹਿਸੂਸ ਹੋਵੇਗਾ ਜਾਂ ਫਲਾਂ ਦਾ ਜੂਸ ਪੀਣ ਨਾਲ ਊਰਜਾ ਮਿਲਦੀ ਹੈ। ਪਰ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿਸ਼ਾਬ ਪੀਣ ਨਾਲ ਸਿਹਤ ਵੀ ਠੀਕ ਰਹਿੰਦੀ ਹੈ। ਜੀ ਹਾਂ, ਇੰਟਰਨੈੱਟ 'ਤੇ ਅਜਿਹੀਆਂ ਕਈ ਰਿਪੋਰਟਾਂ ਹਨ, ਜੋ ਇਸ ਗੱਲ ਦੀ ਵਕਾਲਤ ਕਰਦੀਆਂ ਹਨ ਕਿ ਪਿਸ਼ਾਬ ਪੀਣਾ ਸਿਹਤ ਲਈ ਫ਼ਾਇਦੇਮੰਦ ਹੈ। ਦਾਅਵੇ ਕੀਤੇ ਜਾਂਦੇ ਹਨ ਕਿ ਪਿਸ਼ਾਬ ਨਾਲ ਚਮੜੀ ਨਾਲ ਸਬੰਧਤ ਬਿਮਾਰੀਆਂ ਤੋਂ ਲੈ ਕੇ ਕਬਜ਼ ਤੱਕ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।
ਹਾਲਾਂਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਇਸ ਦੇ ਪਿੱਛੇ ਕੋਈ ਵਿਗਿਆਨਕ ਸਬੂਤ ਨਹੀਂ ਹੈ ਅਤੇ ਅਜਿਹਾ ਕਰਨ ਨਾਲ ਸਿਹਤ ਨੂੰ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਤਾਂ ਜਾਣੋ ਯੂਰਿਨ ਪੀਣ ਦੇ ਫ਼ਾਇਦਿਆਂ ਬਾਰੇ ਮਾਹਿਰਾਂ ਦਾ ਕੀ ਕਹਿਣਾ ਹੈ?
ਚੀਨ 'ਚ ਲੋਕ ਆਪਣਾ ਪਿਸ਼ਾਬ ਖੁਦ ਪੀਂਦੇ ਹਨ। ਇਸ ਦੇ ਨਾਲ ਹੀ ਲੋਕ ਪਿਸ਼ਾਬ ਨਾਲ ਆਪਣੀਆਂ ਅੱਖਾਂ ਅਤੇ ਚਿਹਰੇ ਨੂੰ ਵੀ ਸਾਫ਼ ਕਰਦੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਚਿਹਰੇ ਦੀ ਚਮਕ ਅਤੇ ਅੱਖਾਂ ਦੀ ਰੋਸ਼ਨੀ ਬਰਕਰਾਰ ਰਹਿੰਦੀ ਹੈ। ਪਿਸ਼ਾਬ ਥੈਰੇਪੀ ਦੇ ਅਨੁਸਾਰ ਪਿਸ਼ਾਬ ਭਾਰ ਘਟਾਉਣ 'ਚ ਕਾਰਗਰ ਹੈ। ਚੀਨ 'ਚ ਕੁਝ ਲੋਕ ਚਾਹ ਵਾਂਗ ਹੀ ਪਿਸ਼ਾਬ ਪੀਂਦੇ ਹਨ। ਨਾਲ ਹੀ ਆਈ ਡ੍ਰਾਪ ਦੀ ਤਰ੍ਹਾਂ ਵੀ ਵਰਤਿਆ ਜਾਂਦਾ ਹੈ।
ਕੀ ਪਿਸ਼ਾਬ ਅਸਲ 'ਚ ਸਿਹਤ ਲਈ ਵਧੀਆ ਹੈ?
ਹੈਲਥਲਾਈਨ ਦੀ ਰਿਪੋਰਟ ਮੁਤਾਬਕ ਪਿਸ਼ਾਬ ਪੀਣ ਦਾ ਰਿਵਾਜ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਅੱਜ ਇਸ ਪ੍ਰਕਿਰਿਆ ਨੂੰ ਯੂਰੋਫੈਗੀਆ ਜਾਂ ਯੂਰੋਥੈਰੇਪੀ ਕਿਹਾ ਜਾਂਦਾ ਹੈ, ਜਿਸ 'ਚ ਸਰੀਰ ਲਈ ਪਿਸ਼ਾਬ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰਾਚੀਨ ਰੋਮ, ਗ੍ਰੀਸ ਅਤੇ ਮਿਸਰ ਦੀਆਂ ਬਹੁਤ ਸਾਰੀਆਂ ਰਿਪੋਰਟਾਂ ਇਹ ਸੁਝਾਅ ਦਿੰਦੀਆਂ ਹਨ ਕਿ ਪਿਸ਼ਾਬ ਥੈਰੇਪੀ ਦੀ ਵਰਤੋਂ ਫਿਣਸੀ ਤੋਂ ਲੈ ਕੇ ਕੈਂਸਰ ਤੱਕ ਹਰ ਚੀਜ਼ ਦੇ ਇਲਾਜ ਲਈ ਕੀਤੀ ਜਾਂਦੀ ਸੀ। ਇੱਕ ਸਮਾਂ ਸੀ ਜਦੋਂ ਡਾਕਟਰ ਪਿਸ਼ਾਬ 'ਚ ਸ਼ੂਗਰ ਦੀ ਜਾਂਚ ਕਰਦੇ ਸਨ। ਪਰ ਬਹੁਤ ਘੱਟ ਵਿਗਿਆਨਕ ਸਬੂਤ ਹਨ ਜੋ ਪਿਸ਼ਾਬ ਪੀਣ ਨੂੰ ਪਾਜ਼ੀਟਿਵ ਦੱਸਦੇ ਹਨ।
ਜੇਕਰ ਮੈਡੀਕਲ ਸਾਇੰਸ 'ਤੇ ਆਧਾਰਿਤ ਰਿਪੋਰਟਾਂ ਦੀ ਗੱਲ ਕਰੀਏ ਤਾਂ ਪਿਸ਼ਾਬ ਪੀਣ ਨਾਲ ਬੈਕਟੀਰੀਆ, ਜ਼ਹਿਰੀਲੇ ਤੱਤ ਅਤੇ ਹੋਰ ਹਾਨੀਕਾਰਕ ਤੱਤ ਤੁਹਾਡੇ ਖੂਨ 'ਚ ਦਾਖਲ ਹੋ ਸਕਦੇ ਹਨ। ਪਿਸ਼ਾਬ ਸਾਡੇ ਸਰੀਰ ਵਿੱਚੋਂ ਨਿਕਲਣ ਵਾਲਾ ਬੇਕਾਰ ਪਦਾਰਥ ਹੈ ਅਤੇ ਬੈਕਟੀਰੀਆ ਨਾਲ ਦੂਸ਼ਿਤ ਹੁੰਦਾ ਹੈ। ਇਹ ਬੈਕਟੀਰੀਆ ਸਰੀਰ ਦੇ ਅੰਦਰ ਜਾਣ ਤੋਂ ਬਾਅਦ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਇੱਥੋਂ ਤੱਕ ਕਿ ਇਹ ਤੁਹਾਡੇ ਗੁਰਦੇ 'ਤੇ ਗਲਤ ਪ੍ਰਭਾਵ ਪਾ ਸਕਦਾ ਹੈ।
ਪਿਸ਼ਾਬ ਥੈਰੇਪੀ ਕੀ ਹੈ?
ਪਿਸ਼ਾਬ ਦੀ ਥੈਰੇਪੀ ਨੂੰ ਇੱਕ ਬਹੁਤ ਹੀ ਪ੍ਰਾਚੀਨ ਥੈਰੇਪੀ ਮੰਨਿਆ ਜਾਂਦਾ ਹੈ, ਇਸ 'ਚ ਪਿਸ਼ਾਬ ਨੂੰ ਸਰੀਰ ਲਈ ਦਵਾਈ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਪਿਸ਼ਾਬ 'ਚ ਖਣਿਜ, ਐਂਟੀਬਾਡੀਜ਼, ਐਨਜ਼ਾਈਮ ਅਤੇ ਹਾਰਮੋਨ ਪਾਏ ਜਾਂਦੇ ਹਨ, ਜੋ ਸਾਡੇ ਚਿਹਰੇ ਦੇ ਦਾਗ-ਧੱਬਿਆਂ ਨੂੰ ਦੂਰ ਕਰ ਸਕਦੇ ਹਨ। ਪਿਸ਼ਾਬ ਇੱਕ ਐਂਟੀਸੈਪਟਿਕ ਵਜੋਂ ਵੀ ਕੰਮ ਕਰ ਸਕਦਾ ਹੈ।