ਵਾਸ਼ਿੰਗਟਨ: ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਮਹਿਲਾਵਾਂ ਦਾ ਦਿਮਾਗ ਉਨ੍ਹਾਂ ਦੇ ਹਮਉਮਰ ਪੁਰਸ਼ਾਂ ਦੇ ਮੁਕਾਬਲੇ ਤਿੰਨ ਸਾਲ ਵੱਧ ਜਵਾਨ ਰਹਿੰਦਾ ਹੈ। ਇਸ ਵਜ੍ਹਾ ਕਰਕੇ ਮਹਿਲਾਵਾਂ ਦਾ ਦਿਮਾਗ ਲੰਮੇ ਸਮੇਂ ਤਕ ਚੱਲਦਾ ਹੈ। ਜਿਨ੍ਹਾਂ ਵਿਗਿਆਨੀਆਂ ਦੀ ਟੀਮ ਨੇ ਇਹ ਦਾਅਵਾ ਕੀਤਾ ਹੈ, ਉਨ੍ਹਾਂ ਵਿੱਚੋਂ ਇੱਕ ਮੈਂਬਰ ਭਾਰਤੀ ਮੂਲ ਨਾਲ ਸਬੰਧ ਰੱਖਦਾ ਹੈ।
ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਮਨੂ ਗੋਇਲ ਨੇ ਕਿਹਾ ਕਿ ਹਾਲੇ ਉਨ੍ਹਾਂ ਇਹ ਸਮਝਣਾ ਸ਼ੁਰੂ ਕੀਤਾ ਹੈ ਕਿ ਵੱਖ-ਵੱਖ ਲਿੰਗਿਕ ਕਾਰਕ ਕਿਸ ਤਰ੍ਹਾਂ ਦਿਮਾਗ ਦੇ ਬੁੱਢੇ ਹੋਣ ਦੀ ਪ੍ਰਕਿਰਿਆ ’ਤੇ ਅਸਰ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਦਿਮਾਗ ਦੀਆਂ ਮੈਟਾਬੌਲਿਜ਼ਮ ਸਬੰਧੀ ਕ੍ਰਿਆਵਾਂ ਮਹਿਲਾਵਾਂ ਤੇ ਪੁਰਸ਼ਾਂ ਦੀ ਉਮਰ ਵਧਣ ’ਤੇ ਉਨ੍ਹਾਂ ਦੇ ਦਿਮਾਗ ਸਬੰਧੀ ਫਰਕ ਨੂੰ ਸਮਝਣ ਵਿੱਚ ਮਦਦ ਕਰ ਸਕਦੀਆਂ ਹਨ। ਦਿਮਾਗ ਗਲੂਕੋਜ਼ ਨਾਲ ਚੱਲਦਾ ਹੈ ਪਰ ਦਿਮਾਗ ਗਲੂਕੋਜ਼ ਦਾ ਇਸਤੇਮਾਲ ਕਿਸ ਤਰ੍ਹਾਂ ਕਰਦਾ ਹੈ, ਇਸ ਵਿੱਚ ਉਮਰ ਵਧਣ ਨਾਲ ਪਰਿਵਰਤਨ ਹੁੰਦਾ ਹੈ।
ਇਹ ਖੋਜ ‘ਪ੍ਰੋਸੀਡਿੰਗਜ਼ ਆਫ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼’ ਜਰਨਲ ਵਿੱਚ ਛਪੀ ਹੈ। ਖੋਜ ਕਰਨ ਸਮੇਂ 205 ਲੋਕਾਂ ’ਤੇ ਅਧਿਐਨ ਕੀਤਾ ਗਿਆ। ਇਸ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਲੋਕਾਂ ਦਾ ਦਿਮਾਗ ਕਿਸ ਤਰ੍ਹਾਂ ਗਲੂਕੋਜ਼ ਦਾ ਇਸਤੇਮਾਲ ਕਰਦਾ ਹੈ। ਖੋਜ ਵਿੱਚ 121 ਮਹਿਲਾਵਾਂ ਤੇ 84 ਪੁਰਸ਼ਾਂ ਨੇ ਹਿੱਸਾ ਲਿਆ। ਵਿਗਿਆਨੀਆਂ ਨੇ ਉਮਰ ਤੇ ਦਿਮਾਗ ਦੀਆਂ ਕਿਰਿਆਵਾਂ ਵਿਚਾਲੇ ਸਬੰਧ ਪਤਾ ਕਰਨ ਲਈ ਮਸ਼ੀਨ ਵਿੱਚ ਪੁਰਸ਼ਾਂ ਦੀ ਉਮਰ ਤੇ ਦਿਮਾਗ ਦੀਆਂ ਕਿਰਿਆਵਾਂ ਦਾ ਡੇਟਾ ਰਿਕਾਕਡ ਕੀਤਾ।
ਇਸੇ ਤਰ੍ਹਾਂ ਮਹਿਲਾਵਾਂ ਦੇ ਦਿਮਾਗ ਦੀ ਡੇਟਾ ਵੀ ਕੱਢਿਆ ਗਿਆ। ਦੋਵਾਂ ਅੰਕੜਿਆਂ ਦੀ ਤੁਲਨਾ ਕਰਨ ’ਤੇ ਪਤਾ ਲੱਗਾ ਕਿ ਮਹਿਲਾਵਾਂ ਦੀ ਵਾਸਤਵਿਕ ਉਮਰ ਨਾਲੋਂ ਉਨ੍ਹਾਂ ਦੇ ਦਿਮਾਗ ਦੀ ਉਮਰ 3.8 ਸਾਲ ਵੱਧ ਦੱਸੀ ਗਈ ਜਦਕਿ ਪੁਰਸ਼ਾਂ ਦੀ ਉਮਰ ਵਾਸਤਵਿਕ ਉਮਰ ਨਾਲੋਂ ਸਿਰਫ 2.4 ਸਾਲ ਜ਼ਿਆਦਾ ਸੀ।