ਚੰਡੀਗੜ੍ਹ: ਖਾਸ ਬੱਚਿਆਂ ਵਿਚ ਬੁੱਧੀ ਦੇ ਪੱਧਰ ਦੇ ਘੱਟ ਹੋਣ ਦੇ ਅਨੇਕਾਂ ਕਾਰਨ ਹੋ ਸਕਦੇ ਹਨ ਪਰ ਮਾਹਿਰਾਂ ਵੱਲੋਂ ਇਹਨਾਂ ਕਾਰਨਾਂ ਨੂੰ ਮੁੱਖ ਰੂਪ ਵਿੱਚ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ।


1) ਜਨਮ ਤੋਂ ਪਹਿਲਾਂ ਹੋਣ ਵਾਲੇ ਕਾਰਨ:- ਪਹਿਲਾਂ ਕਾਰਨ ਜਨਮ ਤੋਂ ਵੀ ਪਹਿਲਾਂ ਦਾ ਹੋ ਸਕਦਾ ਹੈ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਵਿਕਾਸ ਕਰ ਰਿਹਾ ਹੁੰਦਾ ਹੈ। ਜਣੇਪਾ ਕਾਲ ਦੌਰਾਨ ਮਾਂ ਦੇ ਸਰੀਰ ਵਿਚਲਾ ਕੋਈ ਵੀ ਜ਼ਹਿਰੀਲਾ ਪਦਾਰਥ ਜਾਂ ਨੁਕਸਾਨਦੇਹ ਕਿਰਨਾਂ ਬੱਚੇ ਨੂੰ ਨੁਕਸਾਨ ਕਰ ਸਕਦੇ ਹਨ। ਨਿੱਤ ਦਿਨ ਵੱਧ ਰਹੇ ਪ੍ਰਦੂਸਣ ਅਤੇ ਮਨੁੱਖ ਦੀਆਂ ਗਲਤ ਖੇਤੀ ਤਕਨੀਕਾਂ ਆਦਿ ਕਾਰਨ ਅੱਜ ਸਾਡੀ ਹਵਾ, ਪਾਣੀ ਅਤੇ ਭੋਜਨ ਜ਼ਹਿਰਾਂ ਨਾਲ ਭਰੇ ਪਏ ਹਨ। ਖੋਜਾਂ ਤੋਂ ਸਪੱਸ਼ਟ ਹੋ ਚੁੱਕਾ ਹੈ ਕਿ ਸਾਡੇ ਹਵਾ, ਪਾਣੀ ਤੇ ਭੋਜਨ ਵਿੱਚ ਅਨੇਕਾਂ ਕਿਸਮ ਦੇ ਖਤਰਨਾਕ ਕੀਟਨਾਸ਼ਕ, ਨਦੀਨਨਾਸ਼ਕ, ਰਸਾਇਣਿਕ ਖਾਦਾਂ, ਭਾਰੀ ਧਾਤਾਂ, ਅਨੇਕਾਂ ਸਨਅਤੀ ਜ਼ਹਿਰ ਅਤੇ ਯੂਰੇਨੀਅਮ ਆਦਿ ਭਾਰੀ ਮਾਤਰਾ ਵਿੱਚ ਮੌਜ਼ੂਦ ਹਨ।


ਗਰਭ ਕਾਲ ਵਿਚ ਜਦ ਬੱਚੇ ਦੇ ਸਾਰੇ ਹੀ ਟਿਸ਼ੂ (ਤੰਤੂ) ਅਤੇ ਖਾਸ ਕਰਕੇ ਦਿਮਾਗ਼ ਅਤੇ ਨਾੜੀ-ਤੰਤਰ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ ਉੱਤੇ ਇਨਾਂ ਦਾ ਮਾਰੂ ਅਸਰ ਹੁੰਦਾ ਹੈ। ਹੋਰ ਤਾਂ ਹੋਰ ਜ਼ਹਿਰੀਲੇ ਮਾਦੇ ਦੀ ਘੱਟ ਤੀਬਰਤਾ ਵੀ ਇਹਨਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਮਾਂ ਦੇ ਸ਼ਰੀਰ ਵਿਚ ਇੰਨਾਂ ਤੱਤਾਂ ਦੀ ਮੌਜੂਦਗੀ ਦਾ ਅਸਰ ਉਸਦੇ ਗਰਭ ਵਿਚ ਪਲ ਰਹੇ ਭਰੂਣ ‘ਤੇ ਹੋ ਜਾਂਦਾ ਹੈ ਅਤੇ ਇਸ ਕਾਰਨ ਬੱਚੇ ਦਾ ਦਿਮਾਗ ਅਤੇ ਨਾੜੀ ਤੰਤਰ ਕਮਜੋਰ ਹੋ ਜਾਂਦਾ ਹੈ। ਇਹਨਾਂ ਜ਼ਹਿਰਾਂ ਦੇ ਪ੍ਰਭਾਵ  ਕਾਰਨ, ਗਰਭਪਾਤ ਹੋ ਜਾਣਾ ਜਾਂ ਗਰਭ ਸਮਾਂ (ਨੌ ਮਹੀਨੇ ਦਸ ਦਿਨ ਜਾਂ 280 ਦਿਨ) ਪੂਰਾ ਹੋਣ ਤੋਂ ਪਹਿਲਾਂ ਹੀ ਜਨਮ ਹੋ ਜਾਣਾ ਇੱਕ ਆਮ ਵਰਤਾਰਾ ਬਣ ਗਿਆ ਹੈ।


2)    ਜਨਮ ਪ੍ਰਕਿਰਿਆ ਦੌਰਾਨ ਪੈਣ ਵਾਲੇ ਨੁਕਸ: ਬੱਚੇ ਜਨਮ ਤੋਂ ਫੌਰੀ ਬਾਅਦ ਖੁੱਲ ਕੇ ਰੋਂਦੇ ਹਨ। ਬੱਚੇ ਦੀ ਸ਼ਾਹ ਲੈਣ ਦੀ ਕ੍ਰਿਆ ਜਨਮ ਤੋਂ ਤੁਰੰਤ ਬਾਅਦ ਸ਼ੁਰੂ ਹੋ ਜਾਣੀ ਚਾਹੀਦੀ ਹੈ। ਬੱਚੇ ਦਾ ਜਨਮ ਦੇ ਤੁਰੰਤ ਬਾਅਦ ਰੋਣਾ ਉਸਦੀ ਸਾਹ ਕ੍ਰਿਆ ਸ਼ੁਰੂ ਹੋਣ ਦਾ ਹੀ ਸੰਕੇਤ ਹੁੰਦਾ ਹੈ। ਇਸ ਲਈ ਬੱਚੇ ਦੇ ਜਨਮ ਸਮੇਂ ਮਾਹਿਰ ਡਾਕਟਰਾਂ ਅਤੇ ਇਲਾਜ ਦੀ ਲੋੜ ਹੁੰਦੀ ਹੈ। ਜੇਕਰ ਸਾਹ ਕ੍ਰਿਆ ਤੁਰੰਤ ਸ਼ੁਰੂ ਨਾ ਹੋਵੇ ਤਾਂ ਦਿਮਾਗ ਨੂੰ ਆਕਸੀਜਨ ਦੀ ਸਪਲਾਈ ਵਿਚ ਵਿਘਨ ਪੈਂਦਾ ਹੈ ਅਤੇ ਸਾਹ ਸ਼ੁਰੂ ਹੋਣ ਵਿਚ ਜਿੰਨੀ ਦੇਰ ਹੋਵੇਗੀ ਦਿਮਾਗ ਲਈ ਉਨੀ ਹੀ ਘਾਤਕ ਹੋਵੇਗੀ।


ਇਸ ਲਈ ਬੱਚੇ ਦੇ ਜਨਮ ਸਮੇਂ ਜੇਕਰ ਡਾਕਟਰੀਹ ਸਹੂਲਤਾਂ ਉਪਲੱਬਧ ਨਾ ਹੋਣ ਤਾਂ ਬੱਚੇ ਦੇ ਦਿਮਾਗ ਅਤੇ ਨਾੜੀ ਤੰਤਰ ਉਪਰ ਬੁਰਾ ਪ੍ਰਭਾਵ ਪੈਂਦਾ ਹੈ ਜਿਸ ਨਾਲ ਬੱਚਾ ਮੰਦਬੁੱਧੀ ਹੋ ਜਾਂਦਾ ਹੈ। ਅਸੀ ਸਭ ਭਲੀ-ਭਾਂਤ ਜਾਣਦੇ ਹਾਂ ਕਿ ਸਾਡੇ 70 ਫ਼ੀਸਦੀ ਬੱਚਿਆਂ ਨੂੰ ਅੱਜ ਵੀ ਸੁਰੱਖਿਅਤ ਜਨਮ ਦੀ ਸਹੂਲਤ ਉਪਲੱਬਧ ਨਹੀਂ ਹੈ।


3)   ਜਨਮ ਉਪਰੰਤ ਪੈਣ ਵਾਲੇ ਨੁਕਸ: ਜਨਮ ਉਪਰੰਤ ਬੱਚੇ ਦਾ ਦਿਮਾਗ ਪਹਿਲੇ ਦੋ ਸਾਲ ਬਹੁਤ ਤੇਜੀ ਨਾਲ ਵਧਦਾ ਅਤੇ ਵਿਕਾਸ ਕਰਦਾ ਹੈ। ਇਸ ਸਮੇਂ ਦੌਰਾਨ ਵੀ ਇਹ ਵਾਤਾਵਰਣਕ ਜ਼ਹਿਰਾਂ ਜਾਂ ਬਿਮਾਰੀਆਂ ਦੀ ਮਾਰ ਵਿੱਚ ਸਹਿਜੇ ਹੀ ਆ ਜਾਂਦਾ ਹੈ। ਵਧ-ਫੁੱਲ ਰਹੇ ਬੱਚੇ ਨੂੰ ਖੁਰਾਕੀ ਤੱਤਾਂ ਦੀ ਘਾਟ ਹੋਣ ਦੀ ਸੰਭਾਲਣਨਾ ਵੀ ਵਧ ਹੁੰਦੀ  ਹੈ। ਖੁਰਾਕੀ ਤੱਤਾਂ ਦੀ ਘਾਟ ਕਾਰਨ ਵੀ ਬੱਚੇ ਦਾ ਦਿਮਾਗ ਅਤੇ ਨਾੜੀ-ਤੰਤਰ ਨੂੰ ਨੁਕਸਾਨ ਪਹੁੰਚਦਾ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904