ਚੰਡੀਗੜ੍ਹ : ਲੰਦਨ ਦੇ ਸੇਂਟ ਜਾਰਜ ਹਸਪਤਾਲ ਮੈਡੀਸਿਨਲ ਸਕੂਲ ਦੇ ਮਾਹਰਾਂ ਦਾ ਮੰਨਣਾ ਹੈ ਕਿ ਉੱਚ ਖੂਨ ਦਬਾਅ ਦੇ ਰੋਗੀਆਂ ਵਿਚ ਹੱਡੀ ਟੁੱਟਣ ਜਾਂ ਕਮਜ਼ੋਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਨ੍ਹਾਂ ਮਾਹਰਾਂ ਨੇ 66 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੀਆਂ 3500 ਔਰਤਾਂ 'ਤੇ ਇਹ ਖੋਜ ਕੀਤੀ। ਉਨ੍ਹਾਂ ਨੇ ਖੋਜ ਵਿਚ ਪਾਇਆ ਕਿ ਉੱਚ ਖੂਨ ਦਬਾਅ ਦੇ ਕਾਰਨ ਹਰ ਸਾਲ ਹੱਡੀਆਂ ਦੀ ਮਜ਼ਬੂਤੀ ਵਿਚ 0.6 ਫੀਸਦੀ ਕਮੀ ਆਉਂਦੀ ਹੈ।


ਘੱਟ ਖੂਨ ਦਬਾਅ ਵਾਲੀਆਂ ਔਰਤਾਂ ਵਿਚ ਇਹ ਕਮੀ 0.34 ਫੀਸਦੀ ਪਾਈ ਗਈ। ਜੇਕਰ ਹੱਡੀਆਂ ਦੀ ਮਜ਼ਬੂਤੀ ਵਿਚ ਇਹ ਕਮੀ 10 ਫੀਸਦੀ ਹੋ ਜਾਵੇ ਤਾਂ ਹੱਡੀ ਟੁੱਟਣ ਦੀ ਸੰਭਾਵਨਾ ਦੁੱਗਣੀ ਹੋ ਜਾਂਦੀ ਹੈ। ਇਸ ਖੋਜ ਵਿਚ ਇਹ ਨਹੀਂ ਸੂਚਿਤ ਕੀਤਾ ਗਿਆ ਕਿ ਕਿੰਨਾ ਖੂਨ ਦਬਾਅ ਹੱਡੀਆਂ ਦੀ ਸਮਰੱਥਾ ਵਿਚ ਕਮੀ ਲਈ ਜ਼ਿੰਮੇਵਾਰ ਹੈ।

ਇਨ੍ਹਾਂ ਮਾਹਰਾਂ ਅਨੁਸਾਰ ਉੱਚ ਖੂਨ ਦਬਾਅ ਦਾ ਕਾਰਨ ਸੋਡੀਅਮ ਦੀ ਜ਼ਿਆਦਾ ਮਾਤਰਾ ਹੈ। ਇਸ ਤੋਂ ਇਲਾਵਾ ਸੋਡੀਅਮ ਸਰੀਰ ਵਿਚ ਕੈਲਸ਼ੀਅਮ ਨੂੰ ਵੀ ਨਸ਼ਟ ਕਰਦਾ ਹੈ।