ਲੰਡਨ :ਦੂਸ਼ਿਤ ਪਾਣੀ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਪੂਰੀ ਦੁਨੀਆ ਪ੍ਰਭਾਵਿਤ ਹੈ। ਹੁਣ ਗੰਦੇ ਪਾਣੀ ਦੀ ਪਛਾਣ ਪੇਪਰ ਟੈਸਟ ਨਾਲ ਹੋ ਸਕੇਗੀ। ਇਹ ਲਿਟਮਸ ਪੇਪਰ ਵਰਗਾ ਹੀ ਹੈ। ਵੈਸੇ ਲਿਟਮਸ ਦਾ ਇਸਤੇਮਾਲ ਆਮ ਤੌਰ 'ਤੇ ਪਾਣੀ 'ਚ ਐਸਿਡ ਦੀ ਮਾਤਰਾ ਦਾ ਪਤਾ ਲਗਾਉਣ ਲਈ ਕੀਤਾ ਜਾਂਦਾ ਹੈ।
ਵਿਗਿਆਨੀਆਂ ਨੇ ਮਾਈਯੋਬਿਅਲ ਫਿਊਲ ਸੈੱਲ (ਐੱਮਐੱਫਸੀ) ਯੁਕਤ ਪੇਪਰਨੁਮਾ ਯੰਤਰ ਵਿਕਸਤ ਕੀਤਾ ਹੈ। ਇਸ ਦੇ ਲਈ ਜੈਵਿਕ ਤਰੀਕੇ ਨਾਲ ਸੜਨ ਵਾਲੇ ਕਾਰਬਨ ਦੀ ਪੇਪਰ 'ਤੇ ਸਕਰੀਨ ਪਿ੍ਰੰਟਿੰਗ ਕੀਤੀ ਗਈ।
ਐੱਮਐੱਫਸੀ ਕਾਰਬਨ ਇਲੈਕਟ੍ਰੋਡ ਨਾਲ ਜੁੜੇ 'ਇਲੈਕਟਿ੫ਕ' ਬੈਕਟੀਰੀਆ ਦਾ ਇਸਤੇਮਾਲ ਕਰਕੇ ਜੈਵਿਕ ਤਰੀਕੇ ਨਾਲ ਇਲੈਕਟ੍ਰਿਕ ਸਿਗਨਲ ਪੈਦਾ ਕਰਦੇ ਹਨ। ਦੂਸ਼ਿਤ ਪਾਣੀ ਦੇ ਸੰਪਰਕ 'ਚ ਆਉਂਦੇ ਹੀ ਇਲੈਕਟਿ੫ਕ ਸਿਗਨਲ ਬਦਲ ਜਾਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪਾਣੀ ਪੀਣ ਲਾਇਕ ਹੈ ਜਾਂ ਨਹੀਂ।
ਬਰਤਾਨੀਆ ਦੀ ਯੂਨੀਵਰਸਿਟੀ ਆਫ ਬਾਥ ਦੇ ਖੋਜਕਰਤਾਵਾਂ ਦੇ ਬਣਾਏ ਇਸ ਡਿਵਾਈਸ ਦੀ ਕੀਮਤ ਕਰੀਬ 64 ਰੁਪਏ ਅਤੇ ਵਜ਼ਨ ਇਕ ਗ੍ਰਾਮ ਤੋਂ ਵੀ ਘੱਟ ਹੈ। ਸਸਤਾ ਹੋਣ ਦੇ ਨਾਲ ਹੀ ਇਸ ਯੰਤਰ ਨੂੰ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਜੈਵਿਕ ਕਾਰਬਨ ਨਾਲ ਬਣੇ ਹੋਣ ਦੇ ਕਾਰਨ ਇਹ ਵਾਤਾਵਰਨ ਲਈ ਵੀ ਨੁਕਸਾਨਦਾਇਕ ਨਹੀਂ ਹੈ।
ਖੋਜਕਰਤਾ ਪ੍ਰੋ. ਮਿਰੇਲਾ ਡੀ ਲੋਰੇਂਜੋ ਨੇ ਕਿਹਾ ਕਿ ਇਸ ਦੀ ਮਦਦ ਨਾਲ ਦੂਸ਼ਿਤ ਪਾਣੀ ਦਾ ਟੈਸਟ ਆਸਾਨ ਹੋ ਜਾਵੇਗਾ। ਪੱਛੜੇ ਇਲਾਕਿਆਂ 'ਚ ਜਿੱਥੇ ਪਾਣੀ ਦੀ ਜਾਂਚ ਲਈ ਕੋਈ ਉਪਕਰਨ ਮੌਜੂਦ ਨਹੀਂ ਹੁੰਦਾ, ਉੱਥੇ ਇਸ ਦਾ ਫਾਇਦਾ ਸਭ ਤੋਂ ਜ਼ਿਆਦਾ ਹੋਵੇਗਾ। ਸਾਡੇ ਇਸ ਕਦਮ ਨਾਲ ਲੋਕਾਂ ਨੂੰ ਸਾਫ਼ ਪਾਣੀ ਮਿਲ ਸਕੇਗਾ ਜਿਸ ਨੂੰ ਸੰਯੁਕਤ ਰਾਸ਼ਟਰ ਨੇ ਮਨੁੱਖੀ ਅਧਿਕਾਰਾਂ 'ਚ ਸ਼ਾਮਿਲ ਕੀਤਾ ਹੈ। ਵਿਗਿਆਨੀ ਡਿਵਾਈਸ ਨੂੰ ਯੂਜ਼ਰ ਫ੍ਰੈਂਡਲੀ ਬਣਾਉਣ ਲਈ ਮੋਬਾਈਲ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਨ।