ਨਵੀਂ ਦਿੱਲੀ: ਜਰਨਲ ‘ਐਲਰਜੀ’ ਵਿੱਚ ਪ੍ਰਕਾਸ਼ਿਤ ਨਵੇਂ ਅਧਿਐਨ ਵਿੱਚ ਵਿਗਿਆਨੀਆਂ, ਮੈਡੀਕਲ ਖੋਜਕਾਰਾਂ ਤੇ ਆਸਟ੍ਰੀਆ ਦੀ ਮੈਡੀਕਲ ਯੂਨੀਵਰਸਿਟੀ ਆਫ਼ ਵਿਆਨਾ ਦੇ ਕੁਝ ਲੋਕਾਂ ਨੇ ਹਲਕੇ ਕੋਵਿਡ-19 ਦੇ ਸੱਤ ਵੱਖੋ-ਵੱਖਰੇ ਰੂਪਾਂ ਦੀ ਸ਼ਨਾਖ਼ਤ ਕੀਤੀ ਹੈ। ਇਸ ਤੋਂ ਇਲਾਵਾ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਨੋਵੇਲ ਕੋਰੋਨਾਵਾਇਰਸ ਮੁੱਢਲੇ ਗੇੜ ਦੀ ਛੂਤ ਦਾ ਪਤਾ ਲੱਗਣ ਦੇ 10 ਹਫ਼ਤਿਆਂ ਬਾਅਦ ਵੀ ਰੋਗ-ਪ੍ਰਤੀਰੋਧਕ ਸ਼ਕਤੀ ਨਾਲ ਸਬੰਧਤ ਪ੍ਰਣਾਲੀ ਵਿੱਚ ਕਾਫ਼ੀ ਤਬਦੀਲੀ ਛੱਡ ਦਿੰਦਾ ਹੈ।


ਭਾਵੇਂ ਖੋਜਕਾਰ ਤੇ ਵਿਗਿਆਨੀ ਕਲੀਨਿਕਲੀ ਐਪਰੂਵਡ ਵੈਕਸੀਨ ਵਿਕਸਤ ਕਰਨ ਤੇ ਘਾਤਕ ਵਾਇਰਸ ਦਾ ਫੈਲਣਾ ਰੋਕਣ ਦੀ ਦਿਸ਼ਾ ਵਿੱਚ ਅਥਾਹ ਜਤਨ ਕਰ ਰਹੇ ਹਨ। ਅਜਿਹੇ ਹਾਲਾਤ ’ਚ ਇਹ ਨਵੀਂ ਖੋਜ ਮਰੀਜ਼ਾਂ ਦੇ ਇਲਾਜ ਤੇ ਵਾਇਰਸ ਵਿਰੁੱਧ ਸੰਭਾਵੀ ਟੀਕੇ ਦੇ ਵਿਕਾਸ ਵਿੱਚ ਵੱਡੀ ਸਫ਼ਲਤਾ ਸਿੱਧ ਹੋ ਸਕਦੀ ਹੈ।

ਇਸ ਖੋਜ ਦੀ ਅਗਵਾਈ ਇਮਿਊਨੌਲੋਜਿਸਟ ਵਿਨਫ਼੍ਰੈੱਡ ਐੱਫ਼ ਪਿਕਲ ਤੇ ਐਲਰਜੌਲੋਜਿਸਟ ਰੂਡੌਲਫ਼ ਵੈਲੇਂਟਾ ਨੇ ਕੀਤੀ ਸੀ। ਇਹ ਦੋਵੇਂ ਆਸਟ੍ਰੀਆ ਦੇ ਪੈਥੋ-ਫ਼ਿਜ਼ੀਓਲੌਜੀ ਇਨਫ਼ੈਕਸ਼ੀਓਲੋਜੀ ਤੇ ਇਮਿਯੂਨੌਲੋਜੀ, ਮੈਡੀਕਲ ਯੂਨੀਵਰਸਿਟੀ ਦੇ ਕੇਂਦਰ ਨਾਲ ਸਬੰਧਤ ਹਨ। ਇਸ ਅਧਿਐਨ ਵਿੱਚ ਕੋਵਿਡ-19 ਨੂੰ ਹਰਾ ਚੁੱਕੇ 109 ਵਿਅਕਤੀਆਂ ਤੇ 98 ਤੰਦਰੁਸਤ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਇਹ ਹਨ ਲੱਛਣ:

ਬੁਖ਼ਾਰ, ਠੰਢ ਲੱਗਣਾ, ਥਕਾਵਟ ਤੇ ਖੰਘ ਨਾਲ ਫ਼ਲੂ ਜਿਹੇ ਲੱਛਣ।

ਆਮ ਸਰਦੀ-ਜ਼ੁਕਾਮ ਜਿਵੇਂ ਰਾਇਨਾਈਟਿਸ, ਨਿੱਛਾਂ ਆਉਣਾ, ਗਲੇ ਵਿੱਚ ਖ਼ਰਾਸ਼ ਤੇ ਨੱਕ ਵਿੱਚ ਜਮਾਅ ਤੇ ਜੋੜਾਂ ’ਚ ਦਰਦ ਅਤੇ ਮਾਸਪੇਸ਼ੀਆਂ ’ਚ ਦਰਦ।

ਜੋੜਾਂ ਤੇ ਮਾਸਪੇਸ਼ੀਆਂ ਵਿੱਚ ਦਰਦ।

ਅੱਖਾਂ ਤੇ ਮਿਊਕਸ ਝਿੱਲੀ ਵਿੱਚ ਸੋਜ਼ਿਸ਼ ਜਿਹੇ ਲੱਛਣ।

ਨਿਮੋਨੀਆ ਤੇ ਸਾਹ ਦੀ ਤਕਲੀਫ਼ ਨਾਲ ਫੇਫੜਿਆਂ ਦੀਆਂ ਸਮੱਸਿਆਵਾਂ।

ਦਸਤ, ਜੀਅ ਮਿਤਲਾਉਣਾ ਤੇ ਸਿਰਦਰਦ ਸਮੇਤ ਗੈਸਟ੍ਰੋ-ਇੰਟੈਸਟਾਈਨਲ ਸਮੱਸਿਆਵਾਂ।

ਸੁੰਘਣ ਸ਼ਕਤੀ ਦਾ ਖ਼ਤਮ ਹੋਣਾ ਤੇ ਜੀਭ ਉੱਤੇ ਕੋਈ ਸੁਆਦ ਮਹਿਸੂਸ ਨਾ ਹੋਣਾ ਤੇ ਹੋਰ ਲੱਛਣ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904