ਨਵੀਂ ਦਿੱਲੀ: ਆਨਲਾਈਨ ਸਾਮਾਨ-ਸਬਜ਼ੀ ਖਰੀਦਣ ਨਾਲ ਟਾਇਮ ਤਾਂ ਬਚ ਜਾਂਦਾ ਹੈ ਪਰ ਇਹ ਆਦਤ ਤੁਹਾਨੂੰ ਸਰੀਰਕ ਤੌਰ 'ਤੇ ਕਮਜ਼ੋਰ ਬਣਾ ਰਹੀ ਹੈ। ਫਿਜ਼ਿਓਥੈਰੇਪੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਮਾਂਸਪੇਸ਼ੀਆਂ ਤੇ ਪੱਠੇ ਕਮਜ਼ੋਰ ਹੋ ਰਹੀਆਂ ਹਨ। ਪਹਿਲਾਂ ਅਸੀਂ ਪੰਜ-10 ਕਿੱਲੋ ਦਾ ਭਾਰ ਚੁੱਕ ਕੇ ਇੱਕ-ਦੋ ਕਿਲੋਮੀਟਰ ਚੱਲਦੇ ਸੀ ਹੁਣ ਅਸੀਂ ਅਰਾਮਪਸੰਦ ਹੋ ਗਏ ਹਾਂ।
ਫਿਜ਼ਿਓਥੈਰੇਪੀ ਮਾਹਰ ਮੁਤਾਬਕ ਆਨਲਾਈਨ ਖਰੀਦਾਰੀ ਨੂੰ ਵਧਾਉਣ ਲਈ ਨੱਠ-ਭੱਜ ਅਤੇ ਪਿੱਠ ਦਰਦ ਤੋਂ ਰਾਹਤ ਵਜੋਂ ਪੇਸ਼ ਕੀਤਾ ਜਾਂਦਾ ਹੈ। ਈ-ਕਾਮਰਸ ਕੰਪਨੀਆਂ ਟਾਇਮ ਬਚਾਉਣ ਲਈ ਸਮਾਨ ਘਰ ਛੱਡਣ ਦੀ ਪੇਸ਼ਕਸ਼ ਕਰ ਰਹੀਆਂ ਹਨ। ਇਸ ਨਾਲ ਸੁਪਰਮਾਰਕੀਟ ਜਾਂ ਦੁਕਾਨਾਂ 'ਤੇ ਜਾਂ ਕੇ ਵੱਡੇ ਥੈਲੇ ਚੁੱਕਣੇ ਨਹੀਂ ਪੈਂਦੇ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਿਹਤ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ।
ਚਾਰਟਡ ਸੁਸਾਇਟੀ ਆਫ਼ ਫਿਜ਼ਿਓਥੈਰੇਪੀ ਮੁਤਾਬਕ ਘਰ ਦਾ ਸਮਾਨ ਜਾਂ ਸਬਜ਼ੀ ਲੈ ਕੇ ਤੁਰਨ-ਫਿਰਨ ਜਾਂ ਪੌੜੀਆਂ ਚੜ੍ਹਣ ਨਾਲ ਮਾਂਸਪੇਸ਼ੀਆਂ ਮਜ਼ਬੂਤ ਰਹਿੰਦੀਆਂ ਹਨ। ਇਸ ਨਾਲ ਬੁਢਾਪੇ 'ਚ ਵੀ ਚੁਸਤ-ਦਰੁਸਤ ਰਿਹਾ ਜਾ ਸਕਦਾ ਹੈ।
ਸੁਸਾਇਟੀ ਨੇ ਦੋ ਹਜ਼ਾਰ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਬਜ਼ਾਰ ਜਾ ਕੇ ਸਾਮਾਨ ਖਰੀਦਦੇ ਹਨ ਜਾਂ ਆਨਲਾਈਨ ਸ਼ੌਪਿੰਗ ਕਰਕੇ। ਦੋ-ਤਿਹਾਈ ਲੋਕਾਂ ਨੇ ਮੰਨਿਆ ਕਿ ਉਹ ਘਰ 'ਚ ਹੀ ਸਾਰਾ ਸਮਾਨ ਮੰਗਵਾ ਲੈਂਦੇ ਹਨ। ਇਨ੍ਹਾਂ 'ਚੋਂ 24 ਫ਼ੀ ਸਦੀ ਲੋਕਾਂ ਨੂੰ ਚੱਲਣ-ਫਿਰਨ 'ਚ ਪਰੇਸ਼ਾਨੀ ਆ ਰਹੀ ਹੈ।
ਸੁਸਾਇਟੀ ਦੀ ਚੀਫ਼ ਪ੍ਰੋਫੈਸਰ ਕੇਰਨ ਮਿਡਿਲਟਨ ਨੇ ਕਿਹਾ ਕਿ ਯੂਥ ਨੂੰ ਬੁਢਾਪੇ ਦਾ ਧਿਆਨ ਰੱਖਦੇ ਹੋਏ ਆਪਣੀਆਂ ਸਰਗਰਮੀਆਂ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਫਿੱਟ ਰਹਿਣ ਲਈ ਸਰੀਰਿਕ ਮਜ਼ਬੂਤੀ ਲਈ ਜਿੰਮ ਜਾਣਾ ਜ਼ਰੂਰੀ ਨਹੀਂ ਹੈ। ਅਸੀਂ ਆਪਣਾ ਰੁਟੀਨ ਬਦਲ ਕੇ ਵੀ ਚੁਸਤ ਰਹਿ ਸਕਦੇ ਹਾਂ। ਬਗੀਚੇ 'ਚ ਥੋੜ੍ਹੀ ਦੇਰ ਬੂਟਿਆਂ ਦੀ ਦੇਖਭਾਲ ਕਰ ਕੇ ਵੀ ਐਕਟਿਵ ਰਿਹਾ ਜਾ ਸਕਦਾ ਹੈ।
ਬ੍ਰਿਟੇਨ ਦੇ ਸਰਕਾਰੀ ਸਿਹਤ ਵਿਭਾਗ ਦੇ ਡਾਕਟਰ ਜਸਟਿਨ ਵਾਰਨੇ ਨੇ ਕਿਹਾ ਕਿ ਸਾਡੀ ਮਾਂਸਪੇਸ਼ੀਆਂ 20 ਸਾਲ ਦੀ ਉਮਰ ਤੋਂ ਹੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੀਆਂ ਹਨ। 40 ਦੀ ਉਮਰ 'ਚ ਉਨ੍ਹਾਂ 'ਚ ਜਕੜਨ ਸ਼ੁਰੂ ਹੋ ਜਾਂਦੀ ਹੈ। ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਬੁੱਢੇ ਵੀ ਹੋਣਾ ਹੈ ਅਤੇ ਫਿਰ ਹੱਡੀਆਂ ਦਾ ਟੁੱਟਣਾ ਆਮ ਹੋ ਸਕਦਾ ਹੈ।