ਲੰਡਨ: ਪਹਿਲਾਂ ਵਰਤੇ ਗਏ ਖਿਡੌਣੇ ਮੁੜ ਬੱਚਿਆਂ ਨੂੰ ਦੇਣ 'ਤੇ ਇਹ ਉਨ੍ਹਾਂ ਦੀ ਸਿਹਤ ਲਈ ਖ਼ਤਰਾ ਬਣ ਸਕਦੇ ਹਨ। ਭਾਵੇਂ ਪਲਾਸਟਿਕ ਅੰਤਰਰਾਸ਼ਟਰੀ ਸੁਰੱਖਿਆ ਦਿਸ਼ਾ-ਨਿਰਦੇਸ਼ਾਂ 'ਤੇ ਪੂਰਾ ਨਹੀਂ ਉੱਤਰਦਾ। ਬਰਤਾਨੀਆਂ ਦੀ ਯੂਨੀਵਰਸਿਟੀ ਆਫ਼ ਪਲਾਈਮਾਊਥ ਤੋਂ ਵਿਗਿਆਨੀਆਂ ਨੇ ਵਰਤੇ ਗਏ 200 ਪਲਾਸਟਿਕ ਦੇ ਖਿਡੌਣਿਆਂ ਦਾ ਵਿਸ਼ਲੇਸ਼ਣ ਕੀਤਾ।

ਇਨ੍ਹਾਂ ਖਿਡੌਣਿਆਂ ਨੂੰ ਉਨ੍ਹਾਂ ਨੇ ਘਰਾਂ, ਨਰਸਰੀਆਂ ਤੇ ਚੈਰਿਟੀ ਦੁਕਾਨਾਂ ਤੋਂ ਇਕੱਠਾ ਕੀਤਾ ਸੀ। ਸਾਰੇ ਖਿਡੌਣਿਆਂ ਦਾ ਆਕਾਰ ਇੰਨਾ ਸੀ ਕਿ ਬੱਚੇ ਇਨ੍ਹਾਂ ਨੂੰ ਚਬਾ ਸਕਦੇ ਸਨ। ਇਨ੍ਹਾਂ ਖਿਡੌਣਿਆਂ 'ਚ ਉਨ੍ਹਾਂ ਨੂੰ ਐਂਟੀਮੋਨੀ, ਬੇਰੀਅਮ, ਬ੍ਰੋਮਾਈਨ, ਕੈਡਮੀਅਮ, ਕ੍ਰੋਮੀਅਮ, ਲੈੱਡ ਤੇ ਸੇਲੇਨੀਅਮ ਸਣੇ ਹੋਰ ਹਾਨੀਕਾਰਕ ਤੱਤਾਂ ਦੀ ਉੱਚ ਮੌਜੂਦਗੀ ਮਿਲੀ ਜੋ ਜ਼ਹਿਰੀਲੇ ਹੁੰਦੇ ਹਨ।

ਜਾਂਚ ਵਿੱਚ ਪਤਾ ਚੱਲਿਆ ਕਿ ਕਈ ਖਿਡੌਣਿਆਂ ਵਿੱਚ ਬ੍ਰੋਮਾਈਨ, ਕੈਡਮੀਅਮ ਜਾਂ ਲੈੱਡ ਦੀ ਮੌਜੂਦਗੀ ਜ਼ਿਆਦਾ ਮਾਤਰਾ ਵਿਚ ਸੀ, ਜੋ ਯੂਰਪੀਅਨ ਕੌਂਸਲ ਟੁਆਏ ਸੇਫ਼ਟੀ ਡਾਇਰੈਕਟਿਵ ਵੱਲੋਂ ਤੈਅ ਮਾਪਦੰਡਾਂ ਤੋਂ ਜ਼ਿਆਦਾ ਹੈ।

ਖੋਜਕਰਤਾਵਾਂ ਨੇ ਅਧਿਐਨ ਵਿਚ ਹਰ ਖਿਡੌਣੇ ਵਿੱਚ ਇਨ੍ਹਾਂ ਤੱਤਾਂ ਦੀ ਮੌਜੂਦਗੀ ਦਾ ਵਿਸ਼ਲੇਸ਼ਣ ਕਰਨ ਲਈ ਐਕਸ-ਰੇ ਫਲੋਰੇਸੈਂਸ (ਏਕਸ.ਆਰ.ਐਫ.) ਦੀ ਵਰਤੋਂ ਕੀਤੀ ਸੀ।