ਚੰਡੀਗੜ੍ਹ: ਪਿੰਡਾਂ ਵਿੱਚ ਕੱਚਾ ਦੁੱਧ ਪੀਣ ਦਾ ਰਿਵਾਜ ਹੈ ਤੇ ਲੋਕ ਇਸ ਨੂੰ ਫ਼ਾਇਦੇਮੰਦ ਮੰਨਦੇ ਹਨ। ਬੱਕਰੀ ਦੇ ਕੱਚੇ ਦੁੱਧ ਨੂੰ ਡੇਂਗੂ ਦੀ ਕਾਰਗਰ ਦਵਾਈ ਮੰਨਿਆ ਜਾ ਰਿਹਾ ਹੈ। ਇਸ ਕੰਮ ਵਿੱਚ ਸ਼ਹਿਰਾਂ ਦੇ ਪੜ੍ਹੇ-ਲਿਖੇ ਲੋਕ ਵੀ ਲੱਗੇ ਹੋਏ ਹਨ ਪਰ ਇਨ੍ਹਾਂ ਸਭ ਗੱਲਾਂ ਦੇ ਉਲਟ ਮਾਹਿਰ ਕਹਿੰਦੇ ਹਨ ਕਿ ਬਿਨਾ ਉਬਾਲੇ ਦੁੱਧ ਦਾ ਸੇਵਨ ਕਰਨਾ ਨੁਕਸਾਨਦੇਹ ਹੁੰਦਾ ਹੈ। ਇਸ ਨਾਲ ਬ੍ਰਸੇਲੋਸਿਸ ਵਰਗੀ ਬਿਮਾਰੀ ਵੀ ਹੋ ਸਕਦੀ ਹੈ ਜਿਸ ਦਾ ਇਲਾਜ ਨਾ ਹੋਣ 'ਤੇ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ।

ਮਾਮਲਾ ਆਇਆ ਸਾਹਮਣੇ:

ਹਾਲ ਹੀ ਵਿੱਚ ਮੇਦਾਂਤਾ-ਮੈਡੀਸਿਟੀ ਗੁੜਗਾਓਂ ਵਿੱਚ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਬਜ਼ੁਰਗ ਰੋਗੀ ਨੂੰ ਪਿਛਲੇ ਕਰੀਬ ਦੋ ਮਹੀਨੇ ਤੋਂ ਸਾਹ ਲੈਣ ਵਿੱਚ ਦਿੱਕਤ ਤੇ ਵਾਰ-ਵਾਰ ਬੁਖ਼ਾਰ ਦੀ ਸਮੱਸਿਆ ਸੀ। ਬਲੱਡ ਕਲਚਰ ਦੀ ਜਾਂਚ ਵਿੱਚ ਬ੍ਰਸੇਲੋਸਿਸ ਦਾ ਪਤਾ ਚੱਲਿਆ। ਜਿਹੜਾ ਪਸ਼ੂਆਂ ਤੋਂ ਹੋਣ ਵਾਲਾ ਬੈਕਟੀਰੀਆ ਇਨਫੈਕਸ਼ਨ ਹੈ। ਡਾਕਟਰਾਂ ਨੇ ਜਦੋਂ ਕਾਰਨਾਂ ਦੀ ਪੜਤਾਲ ਕੀਤੀ ਤਾਂ ਪਤਾ ਚੱਲਿਆ ਕਿ ਉਹ ਰੋਜ਼ਾਨਾ ਬੱਕਰੀ ਦਾ ਕੱਚਾ ਦੁੱਧ ਪੀਂਦੇ ਸਨ ਤੇ ਆਮ ਤੌਰ 'ਤੇ ਪਸ਼ੂਆਂ ਵਿੱਚ ਪਾਇਆ ਜਾਣ ਵਾਲਾ ਘਾਤਕ ਬੈਕਟੀਰੀਆ ਉਸ ਦੇ ਸਰੀਰ ਵਿੱਚ ਆ ਗਿਆ।

ਕੀ ਕਹਿੰਦੇ ਡਾਕਟਰ:

ਮੇਦਾਂਤਾ ਦੀ ਇੰਟਰਨਲ ਮੈਡੀਸਨ ਦੀ ਡਾਇਰੈਕਟਰ ਡਾ. ਸੁਸ਼ੀਲਾ ਕਟਾਰੀਆ ਨੇ ਦੱਸਿਆ ਕਿ ਪਿੰਡਾਂ ਵਿੱਚ ਅੱਜ ਵੀ ਕੱਚਾ ਦੁੱਧ ਪੀਣ ਦਾ ਰਿਵਾਜ਼ ਹੈ। ਲੋਕ ਇਸ ਨੂੰ ਇੰਮਿਊਨ ਸਟ੍ਰਾਂਗ ਕਰਨ ਵਾਲਾ ਮੰਨ ਕੇ ਰੋਜ਼ਾਨਾ ਸੇਵਨ ਕਰਦੇ ਹਨ। ਇਸ ਸਮੇਂ ਡੇਂਗੂ ਦੇ ਰੋਗੀਆਂ ਨੂੰ ਵੀ ਦਵਾ ਦੇ ਰੂਪ ਵਿੱਚ ਬੱਕਰੀ ਦਾ ਕੱਚਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਡਾਕਟਰਾਂ ਨੇ ਬੱਕਰੀ ਦੇ ਕੱਚੇ ਦੁੱਧ ਨਾਲ ਹੋਣ ਵਾਲੇ ਲਾਭਾਂ ਦੀ ਪੁਸ਼ਟੀ ਨਹੀਂ ਕੀਤੀ।



ਜਾਨਲੇਵਾ ਹੋ ਸਕਦਾ ਬ੍ਰੇਸਲਾ ਬੈਕਟੀਰੀਆ:

ਜਾਨਵਰਾਂ ਦਾ ਕੱਚ ਦੁੱਧ ਬਹੁਤ ਘਾਤਕ ਹੈ ਜਿਸ ਰਾਹੀਂ ਮਨੁੱਖੀ ਸਰੀਰ ਵਿੱਚ ਬ੍ਰੇਸਲਾ ਬੈਕਟੀਰੀਆ ਆ ਜਾਂਦਾ ਹੈ ਤੇ ਸਹੀ ਸਮੇਂ ਉੱਤੇ ਇਸ ਦੀ ਪਛਾਣ ਤੇ ਇਸ ਦਾ ਇਲਾਜ ਨਹੀਂ ਹੋਣ ਉੱਤੇ ਇਹ ਜਾਨਲੇਵਾ ਵੀ ਹੋ ਸਕਦਾ ਹੈ।

ਬ੍ਰਸੇਲੋਸਿਸ ਦੇ ਲੱਛਣ:

ਬ੍ਰਸੇਲੋਸਿਸ ਦੇ ਆਮ ਲੱਛਣਾਂ ਵਿੱਚ ਲੰਬੇ ਸਮੇਂ ਤੱਕ ਬੁਖ਼ਾਰ ਹੁੰਦਾ ਹੈ ਜਿਹੜਾ ਕਈ ਮਹੀਨੇ ਤੱਕ ਵੀ ਰਹਿ ਸਕਦਾ ਹੈ। ਇਸ ਦੇ ਇਲਾਵਾ ਦੂਜੇ ਲੱਛਣਾਂ ਵਿੱਚ ਕਮਜ਼ੋਰੀ, ਸਿਰ ਦਰਦ ਤੇ ਜੋੜਾਂ, ਮਾਸਪੇਸ਼ੀਆਂ ਤੇ ਕਮਰ ਦਾ ਦਰਦ ਸ਼ਾਮਲ ਹੈ। ਕਈ ਮਾਮਲਿਆਂ ਵਿੱਚ ਬੁਖ਼ਾਰ ਨੂੰ ਸਾਧਾਰਨ ਮੰਨ ਲਿਆ ਜਾਂਦਾ ਹੈ ਤੇ ਜਾਂਚ ਵਿੱਚ ਰੋਗ ਦਾ ਪਤਾ ਨਹੀਂ ਚੱਲਦਾ।

ਪਸ਼ੂਆਂ ਵਿੱਚ ਕਿਉਂ ਹੁੰਦਾ ਬੈਕਟੀਰੀਆ:

ਸਹੀ ਸਾਫ ਸਫਾਈ ਦਾ ਖ਼ਿਆਲ ਨਾ ਰੱਖਣ ਉੱਤੇ ਪਸ਼ੂ ਇਸ ਤਰ੍ਹਾਂ ਦੇ ਬੈਕਟੀਰੀਆ ਦੇ ਇਨਫੈਕਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਨਹੀਂ ਹੈ ਕਿ ਵਾਰ-ਵਾਰ ਦੁੱਧ ਪੀਣ ਨਾਲ ਹੀ ਇਨਫੈਕਸ਼ਨ ਹੋਣ ਦਾ ਖ਼ਦਸ਼ਾ ਰਹਿੰਦਾ ਹੈ ਬਲਕਿ ਮਨੁੱਖ ਨੂੰ ਇੱਕ ਵਾਰ ਵੀ ਦੁੱਧ ਬਿਨਾ ਉਬਾਲੇ ਪੀਣ ਨਾਲ ਇਨਫੈਕਸ਼ਨ ਦਾ ਜੋਖ਼ਮ ਹੁੰਦਾ ਹੈ।

ਪਨੀਰ ਤੇ ਆਈਸਕ੍ਰੀਮ ਵੀ ਉਬਾਲੇ ਦੁੱਧ ਦੀ ਖਾਓ:

ਪਨੀਰ ਤੇ ਆਈਸਕ੍ਰੀਮ ਵਰਗੇ ਉਤਪਾਦ ਵੀ ਦੁੱਧ ਨੂੰ ਉਬਾਲ ਤੱਕ ਗਰਮ ਕਰਕੇ ਨਹੀਂ ਬਣਾਏ ਜਾਂਦੇ ਤਾਂ ਬ੍ਰਸੇਲੋਸਿਸ ਦਾ ਖ਼ਤਰਾ ਹੁੰਦਾ ਹੈ। ਕੱਚਾ ਦੁੱਧ ਨਾਲ ਬਣੀ ਆਈਸਕ੍ਰੀਮ ਦਾ ਸੇਵਨ ਕਰਨ ਵਾਲੇ ਇੱਕ ਵਿਅਕਤੀ ਨੂੰ ਬ੍ਰਸੇਲੋਸਿਸ ਦਾ ਇਨਫੈਕਸ਼ਨ ਹੋਣ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ।

ਬ੍ਰਸੇਲੋਸਿਸ ਦਾ ਹੋ ਸਕਦਾ ਇਲਾਜ-

ਡਾ. ਕਟਾਰੀਆ ਨੇ ਕਿਹਾ ਕਿ ਬਿਮਾਰੀ ਦਾ ਪਤਾ ਚੱਲਣ ਉੱਤੇ ਇਸ ਦਾ ਇਲਾਜ ਹੋ ਸਕਦਾ ਹੈ। ਛੇ ਹਫ਼ਤਿਆਂ ਤੱਕ ਦਵਾਈਆਂ ਲੈਣੀ ਹੁੰਦੀ ਹੈ। ਸਾਧਾਰਨ ਬਲੱਡ ਰਿਪੋਰਟ ਵਿੱਚ ਇਸ ਦਾ ਪਤਾ ਚੱਲਣ ਦੀ ਸੰਭਾਵਨਾ ਘੱਟ ਹੁੰਦੀ ਹੈ। ਵਿਸ਼ੇਸ਼ ਰੂਪ ਵਿੱਚ ਜਾਂਚ ਕਰਾਉਣੀ ਹੁੰਦੀ ਹੈ।

ਕੁਝ ਅਧਿਐਨਾਂ ਵਿੱਚ ਵੀ ਉੱਬਲੇ ਦੁੱਧ ਦੀ ਤੁਲਨਾ ਵਿੱਚ ਕੱਚੇ ਦੁੱਧ ਦਾ ਸੇਵਨ ਨੁਕਸਾਨਦੇਹ ਦੱਸਿਆ ਗਿਆ ਹੈ। ਅਜਿਹੇ ਵਿੱਚ ਡਾ. ਸਲਾਹ ਦਿੰਦੇ ਹਨ ਕਿ ਦੁੱਧ ਦਾ ਇਸਤੇਮਾਲ ਉਬਾਲ ਕੇ ਹੀ ਕਰਨਾ ਚਾਹੀਦਾ।