ਚੰਡੀਗੜ੍ਹ: ਗਰਭ ਅਵਸਥਾ ਦੇ ਆਖ਼ਰੀ ਮਹੀਨਿਆਂ 'ਚ ਔਰਤਾਂ ਦੇ ਫੋਲਿਕ ਐਸਿਡ ਵਾਲੀ ਖ਼ੁਰਾਕ ਖਾਣ ਨਾਲ ਜਨਮ ਲੈਣ ਵਾਲੇ ਬੱਚਿਆਂ 'ਚ ਅਲਰਜੀ ਦੀ ਸਮੱਸਿਆ ਹੋ ਸਕਦੀ ਹੈ। ਵਿਟਾਮਿਨ ਬੀ ਦਾ ਫੋਲਿਕ ਐਸਿਡ ਇਕ ਪ੍ਰਕਾਰ ਹੈ ਜੋ ਪਾਲਕ, ਖੱਟੇ ਫਲ, ਮਟਰ, ਬੀਨਸ ਆਦਿ 'ਚ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ।
ਐਡਿਲੇਡ ਯੂਨੀਵਰਸਿਟੀ, ਆਸਟ੍ਰੇਲੀਆ ਦੇ ਸ਼ੋਧਕਰਤਾਵਾਂ ਦਾ ਕਹਿਣਾ ਹੈ ਕਿ ਗਰਭ ਅਵਸਥਾ ਦੀ ਪਹਿਲੀ ਤਿਮਾਹੀ 'ਚ ਫੋਲਿਕ ਐਸਿਡ ਨਿਊਰਲ ਟਿਊਬ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਨਾਲ ਪੀੜਤ ਹੋਣ ਤੋਂ ਰੋਕਦਾ ਹੈ।
ਨਿਊਰਲ ਟਿਊਬ ਭਰੂਣ 'ਚ ਵਿਕਸਿਤ ਹੋ ਰਹੇ ਤੰਤਰਿਕਾ ਤੰਤਰ ਦਾ ਸ਼ੁਰੂਆਤੀ ਪੜਾਅ ਹੁੰਦਾ ਹੈ, ਪਰ ਗਰਭ ਅਵਸਥਾ ਦੇ ਆਖ਼ਰੀ ਮਹੀਨਿਆਂ 'ਚ ਇਸ ਦੇ ਸੇਵਨ ਨਾਲ ਉਲਟਾ ਅਸਰ ਪੈਂਦਾ ਹੈ। ਇਹ ਨਤੀਜਾ ਵਿਗਿਆਨਕਾਂ ਨੇ ਭੇਡਾਂ ਦੇ ਤਿੰਨ ਸਮੂਹਾਂ 'ਤੇ ਸ਼ੋਧ ਕਰਨ ਤੋਂ ਬਾਅਦ ਕੱਢਿਆ ਹੈ।
ਜਾਂਚ 'ਚ ਪਤਾ ਲੱਗਾ ਕਿ ਫੋਲਿਕ ਐਸਿਡ ਦਾ ਸੇਵਨ ਕਰਨ ਵਾਲੀ ਮਾਦਾ ਭੇਡ ਦੇ ਬੱਚਿਆਂ 'ਚ ਹੋਰਨਾਂ ਦੇ ਮੁਕਾਬਲੇ ਅਲਰਜੀ ਤੋਂ ਪੀੜਤ ਹੋਣ ਦੀ ਸੰਭਾਵਨਾ ਜ਼ਿਆਦਾ ਸੀ। ਫਿਜ਼ੀਓਲਾਜੀ ਜਰਨਲ 'ਚ ਪ੍ਰਕਾਸ਼ਿਤ ਸ਼ੋਧ 'ਚ ਕਿਹਾ ਗਿਆ ਹੈ ਕਿ ਗਰਭਵਤੀ ਔਰਤਾਂ ਨੂੰ ਫੋਲਿਕ ਐਸਿਡ ਦੇ ਇਸ ਮਾੜੇ ਨਤੀਜੇ ਬਾਰੇ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਲਗਾਤਾਰ ਇਸ ਦਾ ਸੇਵਨ ਕਰਨ ਤੋਂ ਰੋਕਿਆ ਜਾਣਾ ਚਾਹੀਦਾ ਹੈ।