ਬੇਚੈਨ ਰਾਤਾਂ ਤਾਂ ਜ਼ਰੂਰੀ ਨਹੀਂ ਕਿ ਪਿਆਰ ਹੋਵੇ, ਹੋ ਸਕਦੀ ਹੈ ਇਹ ਬਿਮਾਰੀ
ਏਬੀਪੀ ਸਾਂਝਾ | 01 Jan 2018 05:55 PM (IST)
ਵਾਸ਼ਿੰਗਟਨ: ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਾਂ ਘੱਟ ਆਉਂਦੀ ਹੈ ਤਾਂ ਇਹ ਤੁਹਾਡੇ ਲਈ ਖ਼ਤਰੇ ਦੀ ਘੰਟੀ ਹੋ ਸਕਦੀ ਹੈ। ਲਗਾਤਾਰ ਘੱਟ ਸੌਣ ਨਾ ਤੁਹਾਨੂੰ ਭੁੱਲਣ ਦੀ ਬਿਮਾਰੀ ਹੋ ਸਕਦੀ ਹੈ। ਇੱਕ ਨਵੇਂ ਅਧਿਐਨ ਮੁਤਾਬਕ, ਦਿਮਾਗ ਦੇ ਜ਼ਿਆਦਾ ਕਾਰਜਸ਼ੀਲ ਰਹਿਣ ਕਾਰਨ ਅਲਜ਼ਾਈਮਰ ਰੋਗ ਲਈ ਜ਼ਿੰਮੇਵਾਰ ਐਮੀਲਾਇਡ ਬੀਟਾ ਪ੍ਰੋਟੀਨ ਜ਼ਿਆਦਾ ਪੈਦਾ ਹੁੰਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਪ੍ਰੋਟੀਨ ਦਾ ਪੱਧਰ ਵਧਣ ਕਾਰਨ ਦਿਮਾਗ ਵਿੱਚ ਕਈ ਬਦਲਾਅ ਹੋਣ ਦੀ ਸੰਭਾਵਨਾ ਰਹਿੰਦੀ ਹੈ, ਜਿਸ ਕਾਰਨ ਭੁੱਲਣ ਦੀ ਬਿਮਾਰੀ ਡਿਮੇਂਸ਼ੀਆ ਹੋ ਸਕਦੀ ਹੈ। ਅਮਰੀਕਾ ਦੇ ਸੇਂਟ ਲੁਈ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਰੈਂਡਲ ਬੈਟਮੈਨ ਨੇ ਕਿਹਾ ਕਿ ਇਹ ਖੋਜ ਸਾਫ ਤੌਰ 'ਤੇ ਇਹ ਦਰਸਾਉਂਦੀ ਹੈ ਕਿ ਇਨਸਾਨਾਂ ਨੂੰ ਘੱਟ ਨੀਂਦ ਆਉਣ ਕਾਰਨ ਐਮੀਲਾਇਡ ਬੀਟਾ ਪ੍ਰੋਟੀਨ ਵਧੇਰੇ ਮਾਤਰਾ ਵਿੱਚ ਪੈਦਾ ਹੁੰਦਾ ਹੈ। ਇਸ ਨਾਲ ਅਲਜ਼ਾਈਮਰ ਰੋਗ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਵਿਗਿਆਨੀਆਂ ਨੇ ਇਸ ਖੋਜ ਦੇ ਨਤੀਜੇ 30 ਤੋਂ 60 ਸਾਲ ਦੀ ਉਮਰ ਵਾਲੇ ਲੋਕਾਂ 'ਤੇ ਪ੍ਰੀਖਣ ਕਰ ਕੇ ਹਾਸਲ ਕੀਤੇ ਹਨ। ਇਹ ਲੋਕ ਘੱਟ ਸੌਂਦੇ ਸਨ ਜਾਂ ਭੁੱਲਣ ਦੀ ਸਮੱਸਿਆ ਤੋਂ ਪੀੜਤ ਸਨ।