ਨਵੀਂ ਦਿੱਲੀ: ਇਟਲੀ ਸਿਰਫ਼ ਬਿਨ੍ਹਾਂ ਪੇਪਰਾਂ ਦੇ ਵਿਦੇਸ਼ੀਆਂ ਨੂੰ ਪਨਾਹ ਦੇਣ ‘ਚ ਹੀ ਨਹੀਂ ਸਗੋਂ ਦੁਨੀਆਂ ਦਾ ਦੂਜਾ ਅਜਿਹਾ ਦੇਸ਼ ਹੈ ਜਿਹੜਾ ਆਪਣੇ ਬਾਸ਼ਿੰਦਿਆਂ ਨੂੰ ਚੁਸਤ ਤੇ ਦਰੁਸਤ ਰੱਖਦਾ ਹੈ। ਬਲੂਮਬਰਗ ਹੈਲਥਇਸਟ ਕੰਟਰੀ ਇੰਡੈਕਸ ਨੇ 2019 ਦੇ ਸਰਵੇ ਅਨੁਸਾਰ ਦੁਨੀਆਂ ਦੇ ਸਭ ਤੋਂ ਤੰਦਰੁਸਤ ਦੇਸ਼ਾਂ ਵਿੱਚ ਪਹਿਲਾਂ ਨੰਬਰ ਸਪੇਨ ਨੂੰ ਦਿੱਤਾ ਹੈ ਜਦੋਂਕਿ ਦੂਜਾ ਨੰਬਰ ਇਟਲੀ ਨੂੰ ਦਿੱਤਾ ਗਿਆ ਹੈ।
ਦੁਨੀਆਂ ਦੇ 169 ਦੇਸ਼ਾਂ ਦੇ ਸਰਵੇ ਅਨੁਸਰ ਸਪੇਨ ਨੂੰ 100 ਵਿੱਚੋਂ 92.8 ਨੰਬਰ ਮਿਲੇ ਹਨ ਜਦੋਂਕਿ ਇਟਲੀ ਨੂੰ 91.59 ਨੰਬਰ ਮਿਲੇ ਹਨ। ਇਟਲੀ ਤੋਂ ਬਾਅਦ ਤੀਜੇ ਨੰਬਰ ਤੇ ਆਇਸਲੈਂਡ ਜਿਸ ਨੂੰ 91.44 ਨੰਬਰ ਮਿਲੇ ਹਨ, ਚੌਥਾ ਸਥਾਨ ਜਾਪਾਨ, ਪੰਜਵਾਂ ਸਥਾਨ ਸਵਿਟਜ਼ਰਲੈਂਡ, ਛੇਵਾਂ ਸਥਾਨ ਸਵੀਡਨ, ਸੱਤਵਾਂ ਸਥਾਨ ਅਸਟਰੇਲੀਆ, ਅੱਠਵਾਂ ਸਥਾਨ ਸਿੰਘਾਪੁਰ, ਨੌਵਾਂ ਸਥਾਨ ਨਾਰਵੇ, 10ਵਾਂ ਸਥਾਨ ਇਜ਼ਰਾਇਲ ਨੂੰ ਮਿਲਿਆ ਹੈ।
ਇਸ ਸਰਵੇ ‘ਚ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਦੁਨੀਆਂ ‘ਚ ਸਭ ਤੋਂ ਸ਼ਕਤੀਸ਼ਾਲੀ ਦੇਸ਼ ਕਹਾਉਣ ਵਾਲਾ ਅਮਰੀਕਾ ਤੰਦੁਰਸਤੀ ਵਿੱਚ ਪਿਛੜ ਗਿਆ ਹੈ। ਉਸ ਨੂੰ ਇਸ ਸਰਵੇ ‘ਚ 35ਵਾਂ ਸਥਾਨ ਮਿਲਿਆ ਹੈ। ਸਪੇਨ ਤੇ ਇਟਲੀ ਵਿੱਚ ਫ਼ਲ, ਸਬਜ਼ੀਆਂ, ਪਨੀਰ ਤੇ ਜੈਤੂਨ ਦਾ ਤੇਲ ਲੋਕਾਂ ਦੀ ਖੁਰਾਕ ਦਾ ਮੁੱਖ ਹਿੱਸਾ ਹਨ। ਸਰਵੇ ਅਨੁਸਾਰ ਇੱਥੋਂ ਦੇ ਲੋਕਾਂ ‘ਚ ਦਿਲ ਤੇ ਹੋਰ ਗੰਭੀਰ ਬਿਮਾਰੀਆਂ ਹੋਰ ਦੇਸ਼ਾਂ ਨਾਲੋਂ ਕਾਫ਼ੀ ਘੱਟ ਹਨ।