ਚੰਡੀਗੜ੍ਹ : ਸਾਡੇ ਪੇਟ ਵਿਚਲੀਆਂ ਅੰਤੜੀਆਂ ਵਿਚੋਂ ਕਈ ਤਰ੍ਹਾਂ ਦੇ ਰਸ ਤੇ ਤਰਲ ਪਦਾਰਥ ਨਿਕਲਦੇ ਹਨ, ਜੋ ਕਿ ਸਾਡੇ ਭੋਜਨ ਨੂੰ ਹਜ਼ਮ ਕਰਨ ਵਿਚ ਮਦਦ ਕਰਦੇ ਹਨ। ਜਦੋਂ ਅਸੀਂ ਮਾਨਸਿਕ ਤਣਾਅ ਜਾਂ ਚਿੰਤਾਗ੍ਰਸਤ ਹੁੰਦੇ ਹਾਂ ਤਾਂ ਤੇਜ਼ਾਬੀ ਮਾਦਾ ਬਹੁਤ ਮਾਤਰਾ ਵਿਚ ਨਿਕਲਦਾ ਹੈ, ਜੋ ਕਿ ਸਾਡੇ ਪੇਟ ਵਿਚ ਅੰਤੜੀਆਂ ਦੀ ਅੰਦਰਲੀ ਝਿੱਲੀ ਜੋ ਕਿ ਸਾਡੇ ਪੇਟ ਵਿਚ ਨਰਮ ਹੁੰਦੀ ਹੈ, ਉਸ ਨੂੰ ਸਾੜ ਦਿੰਦੀ ਹੈ | ਹੌਲੀ-ਹੌਲੀ ਅੰਦਰਲੀ ਝਿੱਲੀ 'ਚ ਜ਼ਖਮ ਹੋ ਜਾਂਦੇ ਹਨ, ਜਦੋਂ ਇਹ ਪੇਟ ਵਿਚ ਹੋਣ ਤਾਂ ਇਨ੍ਹਾਂ ਨੂੰ ਗੈਸਟਿ੍ਕ ਅਲਸਰ ਕਿਹਾ ਜਾਂਦਾ ਹੈ | ਇਹ ਜ਼ਖਮ ਆਮ ਤੌਰ 'ਤੇ ਜਦੋਂ ਭੋਜਨ ਵਾਲੀ ਨਾਲੀ ਦੇ ਹੇਠਲੇ ਪਾਸੇ ਪੇਟ ਦੀ ਸ਼ੁਰੂਆਤ ਵਿਚ ਹੁੰਦੇ ਹਨ ਜਾਂ ਇਹ ਪੇਟ ਦੇ ਮਿਹਦੇ ਤੇ ਅੰਤੜੀਆਂ ਵਿਚ ਹੁੰਦੇ ਹਨ, ਜਿਨ੍ਹਾਂ ਨੂੰ ਕ੍ਰਮਵਾਰ ਡਿਊਡੈਨਲ ਅਲਸਰ ਕਿਹਾ ਜਾਂਦਾ ਹੈ।
ਅਲਸਰ ਦੇ ਕਾਰਨ : ਜੋ ਲੋਕ ਖੂਨ ਦੀ ਕਮੀ (ਅਨੀਮੀਆ) ਦਾ ਸ਼ਿਕਾਰ ਹੋ ਜਾਂਦੇ ਹਨ, ਉਨ੍ਹਾਂ ਵਿਚ ਤੇਜ਼ਾਬੀ ਮਾਦਾ ਬਹੁਤ ਵਧ ਜਾਂਦਾ ਹੈ | ਇਹ ਤੱਤ ਅਲਸਰ ਪੈਦਾ ਕਰਦੇ ਹਨ | ਕੁਝ ਖਾਸ ਕਿਸਮ ਦੀਆਂ ਦਵਾਈਆਂ, ਐਸਪ੍ਰੀਨ ਜਾਂ ਤੇਜ਼ ਦਰਦ ਨਿਵਾਰਕ (ਪੇਨ ਕਿੱਲਰ) ਖਾਣ ਨਾਲ ਅੰਦਰਲੀ ਝਿੱਲੀ ਦੀ ਬਰਦਾਸ਼ਤ ਮਾਤਰਾ ਖਤਮ ਹੋ ਜਾਂਦੀ ਹੈ। ਅੰਤੜੀ ਵਿਚ ਪੇਟ ਦੀ ਸੋਜ ਕਰਕੇ ਅੰਦਰਲੀ ਝਿੱਲੀ ਨਸ਼ਟ ਹੋ ਜਾਂਦੀ ਹੈ | ਜ਼ਿਆਦਾ ਸ਼ਰਾਬ ਪੀਣ ਕਰਕੇ, ਜ਼ਿਆਦਾ ਸਿਗਰਟਨੋਸ਼ੀ, ਤੇਜ਼ ਮਸਾਲੇਦਾਰ ਭੋਜਨ, ਬੇਵਕਤ ਖਾਣਾ ਖਾਣ ਕਰਕੇ ਇਸ ਬਿਮਾਰੀ ਵਿਚ ਜਲਦੀ ਵਾਧਾ ਹੁੰਦਾ ਹੈ।
ਸੀਨੇ ਵਿਚ ਸਾੜ-ਹਾਰਟ ਬਰਨ : ਭਾਰੀ ਭੋਜਨ ਕਰਨ ਨਾਲ ਸੀਨੇ ਦੀ ਜਲਣ ਵਿਚ ਵਾਧਾ ਹੋ ਜਾਂਦਾ ਹੈ | ਇਹ ਤਕਲੀਫ ਪੇਟ ਗੈਸ ਜਾਂ ਅਫਾਰੇ ਤੋਂ ਬਿਲਕੁਲ ਅਲੱਗ ਹੈ। ਕਈ ਵਾਰੀ ਇਸ ਨੂੰ ਗੈਸ ਦੀ ਤਕਲੀਫ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ | ਇਸ ਤਕਲੀਫ ਵਿਚ ਸਾਡੇ ਪੇਟ ਵਿਚ ਖਾਣੇ ਵਾਲੀ ਨਾਲੀ (ਫੂਡ ਪਾਈਪ) ਦੇ ਥੱਲੇ ਵਾਲੀ ਜਗ੍ਹਾ ਜੋ ਕਿ ਮਟਰਨਸ ਹੱਡੀ ਦੇ ਥੱਲੇ ਹੁੰਦੀ ਹੈ, 'ਚ ਬੜੇ ਜ਼ੋਰ ਦਾ ਸਾੜ ਪੈਂਦਾ ਹੈ | ਇਸ ਨੂੰ ਸੀਨੇ ਦੀ ਜਲਣ (ਹਾਰਟ ਬਰਨ) ਕਿਹਾ ਜਾਂਦਾ ਹੈ | ਕਈ ਵਾਰ ਸਾੜ ਤੇਜ਼ ਪੈਣ ਕਰਕੇ ਜਲਣ ਮਹਿਸੂਸ ਹੁੰਦੀ ਹੈ ਪਰ ਇਸ ਨੂੰ 'ਹਾਰਟ ਅਟੈਕ' ਨਾ ਸਮਝੋ।
ਅਲਸਰ ਦਾ ਇਲਾਜ : ਇਲਾਜ ਵਿਚ ਦੇਰੀ ਨੁਕਸਾਨਦੇਹ ਹੈ | ਜੇਕਰ ਅਲਸਰ 'ਚੋਂ ਖੂਨ ਵਗ ਰਿਹਾ ਹੈ ਤਾਂ ਪਹਿਲਾਂ ਖੂਨ ਰੋਕਿਆ ਜਾਂਦਾ ਹੈ | ਮਰੀਜ਼ ਖੁਰਾਕ ਵਿਚ ਤੇਜ਼ ਮਸਾਲੇ, ਸ਼ਰਾਬ, ਸਿਗਰਟ ਪੀਣਾ ਬੰਦ ਕਰ ਦੇਵੇ | ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਰਦ ਨਿਵਾਰਕ ਗੋਲੀ ਨਾ ਖਾਓ | ਮਰੀਜ਼ ਨੂੰ ਚੈੱਕਅਪ ਕਰਵਾ ਕੇ ਅਲਸਰ ਦੀ ਸਹੀ ਜਗ੍ਹਾ ਦਾ ਪਤਾ ਕਰਕੇ ਉਸ ਦਾ ਜਲਦੀ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਹੈ | ਅੰਤੜੀ ਦੀ ਸੋਜ ਦਾ ਮੁੱਖ ਕਾਰਨ ਅੰਤੜੀਆਂ ਦੀ ਅੰਦਰਲੀ ਝਿੱਲੀ ਦਾ ਸੁੱਜ ਜਾਣਾ ਹੁੰਦਾ ਹੈ।
ਝਿੱਲੀ ਵਿਚ ਬਿਮਾਰੀ ਪੈਦਾ ਕਰਨ ਵਾਲੇ ਕੀਟਾਣੂ ਤੇ ਜੀਵਾਣੂ ਇਕੱਠੇ ਹੋ ਜਾਂਦੇ ਹਨ | ਅੰਤੜੀ ਦੀ ਹਜ਼ਮ ਕਰਨ ਦੀ ਤਾਕਤ ਘਟ ਜਾਂਦੀ ਹੈ ਤਾਂ ਮਰੀਜ਼ ਨੂੰ ਵਾਰ-ਵਾਰ ਲੈਟਰੀਨ ਆਉਂਦੀ ਹੈ | ਲਿਵਰ ਦੀ ਸੋਜ ਕਰਕੇ ਲਿਵਰ ਦਾ ਆਕਾਰ ਤੇ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ | ਪੇਟ ਇਕ ਪਾਸੇ ਤੋਂ ਵੱਡਾ ਲਗਦਾ ਹੈ ਤੇ ਲਿਵਰ ਵਿਚ ਦਰਦ ਸ਼ੁਰੂ ਹੋ ਜਾਂਦੀ ਹੈ | ਡਾ. ਜਸਵੰਤ ਸਿੰਘ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin