WHO Guidelines For Healthy Life: ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਜਿਸ ਤੇਜ਼ੀ ਨਾਲ ਨੌਜਵਾਨਾਂ ਨੂੰ ਆਪਣੀ ਲਪੇਟ 'ਚ ਲੈ ਰਹੀ ਹੈ, ਉਸ ਤੋਂ ਬਚਣ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਸਮੇਂ-ਸਮੇਂ 'ਤੇ ਕੁਝ ਸਿਹਤ ਸੁਝਾਅ ਜਾਰੀ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਕਈ ਮੈਡੀਕਲ ਰਿਸਰਚਾਂ ਵੀ ਪ੍ਰਕਾਸ਼ਿਤ ਹੁੰਦੀਆਂ ਹਨ। ਕੋਰੋਨਾ ਕਾਲ ਤੋਂ ਬਾਅਦ ਜਿਹੜੀਆਂ ਸਿਹਤ ਸਮੱਸਿਆਵਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਹਨ, ਉਨ੍ਹਾਂ 'ਚ ਹਾਈ ਬਲੱਡ ਪ੍ਰੈਸ਼ਰ ਅਤੇ ਡਾਇਬਟੀਜ਼ ਟਾਈਪ-2 ਦੇ ਵੀ ਕਾਫੀ ਮਾਮਲੇ ਹਨ।


ਹਾਈ ਬੀਪੀ ਅਤੇ ਡਾਇਬਟੀਜ਼ ਟਾਈਪ-2 ਮੁੱਖ ਤੌਰ 'ਤੇ ਜ਼ਿਆਦਾ ਚੀਨੀ ਅਤੇ ਜ਼ਿਆਦਾ ਨਮਕ ਖਾਣ ਨਾਲ ਹੁੰਦੀ ਹੈ। ਇਸ ਦੇ ਨਾਲ ਹੀ ਜੇਕਰ ਤੇਲ ਜਾਂ ਚਰਬੀ ਦੀ ਮਾਤਰਾ ਵੀ ਜ਼ਿਆਦਾ ਹੋਵੇ ਤਾਂ ਇਹ ਭੋਜਨ ਸਾਨੂੰ ਬਹੁਤ ਜਲਦੀ ਬੀਮਾਰ ਤੇ ਕਮਜ਼ੋਰ ਬਣਾ ਦਿੰਦੇ ਹਨ। ਇਨ੍ਹਾਂ ਨੂੰ ਧਿਆਨ 'ਚ ਰੱਖਦੇ ਹੋਏ WHO ਵੱਲੋਂ ਸਿਹਤਮੰਦ ਖੁਰਾਕ ਸਬੰਧੀ ਕੁਝ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ ਤਾਂ ਜੋ ਲੋਕ ਜੀਵਨਸ਼ੈਲੀ ਦੇ ਕਾਰਨ ਇਨ੍ਹਾਂ ਬਿਮਾਰੀਆਂ ਦੇ ਸ਼ਿਕਾਰ ਹੋਣ ਤੋਂ ਬਚ ਸਕਣ। ਵਿਸ਼ਵ ਸਿਹਤ ਸੰਗਠਨ ਨੇ ਇਸ ਬਾਰੇ ਸਾਰੇ ਦੇਸ਼ਾਂ ਨੂੰ ਅਲਰਟ ਕੀਤਾ ਸੀ, ਜਿਸ ਤੋਂ ਬਾਅਦ ਕਈ ਦੇਸ਼ਾਂ ਨੇ ਆਪਣੇ ਬਾਜ਼ਾਰ 'ਚ ਮਿਲਣ ਵਾਲੇ ਜੰਕ ਫੂਡ 'ਤੇ ਪਾਬੰਦੀ ਲਗਾ ਦਿੱਤੀ ਸੀ।


ਇੱਕ ਦਿਨ 'ਚ ਕਿੰਨਾ ਨਮਕ ਖਾਣਾ ਚਾਹੀਦਾ ਹੈ?


WHO ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਇੱਕ ਸਿਹਤਮੰਦ ਵਿਅਕਤੀ ਨੂੰ ਇੱਕ ਦਿਨ 'ਚ 5 ਗ੍ਰਾਮ ਤੋਂ ਵੱਧ ਨਮਕ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਇਸ ਤੋਂ ਜ਼ਿਆਦਾ ਨਮਕ ਖਾਣ ਨਾਲ ਹਾਈ ਬੀਪੀ ਅਤੇ ਹੱਡੀਆਂ ਦੇ ਕਮਜ਼ੋਰ ਹੋਣ ਦੀ ਸਮੱਸਿਆ ਵੱਧ ਸਕਦੀ ਹੈ।


ਇੱਕ ਦਿਨ 'ਚ ਕਿੰਨੀ ਖੰਡ ਖਾਣੀ ਚਾਹੀਦੀ ਹੈ?


ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਕ ਸਿਹਤਮੰਦ ਵਿਅਕਤੀ ਨੂੰ ਇੱਕ ਦਿਨ 'ਚ 6 ਤੋਂ 8 ਚਮਚ ਚੀਨੀ ਦਾ ਸੇਵਨ ਕਰਨਾ ਚਾਹੀਦਾ ਹੈ। ਜੇਕਰ ਤੁਹਾਨੂੰ ਸ਼ੂਗਰ ਦੀ ਸਮੱਸਿਆ ਹੈ ਜਾਂ ਹਾਈ ਬੀਪੀ ਦੀ ਸਮੱਸਿਆ ਹੈ ਤਾਂ ਤੁਹਾਨੂੰ ਰਿਫਾਇੰਡ ਸ਼ੂਗਰ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਬਚਣਾ ਚਾਹੀਦਾ ਹੈ। ਇਸ ਦੀ ਬਜਾਏ ਫਲ ਅਤੇ ਸੁੱਕੇ ਮੇਵੇ ਖਾਓ। ਤਾਂ ਕਿ ਤੁਹਾਡੇ ਮਿੱਠੇ ਦੀ ਲਾਲਸਾ ਸ਼ਾਂਤ ਹੋ ਸਕੇ ਅਤੇ ਤੁਹਾਨੂੰ ਕੁਦਰਤੀ ਸ਼ੂਗਰ ਦੀ ਊਰਜਾ ਮਿਲੇ।


ਇੱਕ ਦਿਨ 'ਚ ਕਿੰਨਾ ਤੇਲ ਖਾਣਾ ਚਾਹੀਦਾ ਹੈ?


ਜਿਸ ਵਿਅਕਤੀ ਨੂੰ ਕੋਲੈਸਟ੍ਰੋਲ, ਹਾਈ ਬੀਪੀ ਜਾਂ ਸ਼ੂਗਰ ਦੀ ਸਮੱਸਿਆ ਜਾਂ ਕੋਈ ਲੰਬੀ, ਗੰਭੀਰ ਅਤੇ ਪੁਰਾਣੀ ਬਿਮਾਰੀ ਨਹੀਂ ਹੈ, ਉਸ ਵਿਅਕਤੀ ਨੂੰ ਦਿਨ 'ਚ ਵੱਧ ਤੋਂ ਵੱਧ 4 ਚੱਮਚ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਪਿਘਲੇ ਹੋਏ ਦੇਸੀ ਘਿਓ ਲਈ ਵੀ ਇਹੀ ਮਾਤਰਾ ਲਾਗੂ ਹੁੰਦੀ ਹੈ। ਹਾਲਾਂਕਿ ਜੇਕਰ ਦੇਸੀ ਘਿਓ ਗਾਂ ਦਾ ਹੈ ਤਾਂ ਇਸ ਦੀ ਮਾਤਰਾ ਇੱਕ ਜਾਂ ਦੋ ਚੱਮਚ ਤੱਕ ਵਧਾਈ ਜਾ ਸਕਦੀ ਹੈ। ਰੋਜ਼ਾਨਾ ਜੀਵਨ 'ਚ ਚਰਬੀ ਦੀ ਇਸ ਤੈਅ ਮਾਤਰਾ ਤੋਂ ਵੱਧ ਖਾਣ ਨਾਲ ਕੋਲੈਸਟ੍ਰੋਲ ਵੱਧ ਸਕਦਾ ਹੈ ਅਤੇ ਦਿਲ ਦੇ ਦੌਰੇ ਜਾਂ ਸਟ੍ਰੋਕ ਦਾ ਖ਼ਤਰਾ ਵੀ ਵੱਧ ਜਾਂਦਾ ਹੈ।


ਇਸ ਲਈ ਜੇਕਰ ਤੁਸੀਂ ਡਾਇਬਟੀਜ਼ ਟਾਈਪ-2, ਹਾਈ ਕੋਲੈਸਟ੍ਰੋਲ ਅਤੇ ਹਾਈ ਬੀਪੀ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਦੀ ਖੁਰਾਕ 'ਚ ਤੇਲ, ਚੀਨੀ ਅਤੇ ਨਮਕ ਦੀ ਸਹੀ ਮਾਤਰਾ ਦੀ ਵਰਤੋਂ ਕਰੋ। ਇਨ੍ਹਾਂ ਦਾ ਜ਼ਿਆਦਾ ਸੇਵਨ ਤੁਹਾਨੂੰ ਬਿਮਾਰ ਕਰ ਸਕਦਾ ਹੈ ਅਤੇ ਇਨ੍ਹਾਂ ਦਾ ਘੱਟ ਸੇਵਨ ਤੁਹਾਡੇ ਸਰੀਰ ਨੂੰ ਕਮਜ਼ੋਰ ਬਣਾ ਸਕਦਾ ਹੈ। ਕਿਉਂਕਿ ਸਰੀਰ 'ਚ ਖੰਡ ਜਾਂ ਨਮਕ ਦੀ ਕਮੀ ਹੋ ਜਾਵੇ ਤਾਂ ਬੀਪੀ ਲੋਅ ਹੋ ਜਾਂਦਾ ਹੈ, ਇਹ ਵੀ ਸਿਹਤ ਲਈ ਹਾਨੀਕਾਰਕ ਹੈ।


Disclaimer: ਇਸ ਲੇਖ 'ਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।