ਨਵੀਂ ਦਿੱਲੀ: ਨਿਪਾਹ ਵਾਇਸਰ ਦਾ ਖ਼ਤਰਾ ਤੇ ਮੌਤਾਂ ਦੇ ਅੰਕੜੇ ਲਗਾਤਾਰ ਵਧਦੇ ਜਾ ਰਹੇ ਹਨ। ਨਿਪਾਹ ਵਾਇਰਸ ਨਾਲ ਫੈਲੀ ਦਹਿਸ਼ਤ ਦੇ ਮਾਹੌਲ ਵਿੱਚ ਵ੍ਹੱਟਸਐਪ 'ਤੇ ਹੈਰਾਨੀਜਨਕ ਦਾਅਵਾ ਕੀਤਾ ਜਾ ਰਿਹਾ ਹੈ। ਦਾਅਵੇ ਮੁਤਾਬਕ ਨਿਪਾਹ ਵਾਇਰਸ ਦੀ ਦਵਾਈ ਮਿਲ ਗਈ ਹੈ ਤੇ ਇਸ ਦੀ ਵਰਤੋਂ ਨਾਲ ਮਰੀਜ਼ ਆਰਾਮ ਨਾਲ ਠੀਕ ਹੋ ਜਾਂਦਾ ਹੈ।
ਵਾਇਰਲ ਮੈਸੇਜ ਵਿੱਚ ਕੀ ਹੈ ਲਿਖਿਆ?
ਸੋਸ਼ਲ ਮੀਡੀਆ 'ਤੇ ਅੰਗ੍ਰੇਜ਼ੀ ਵਿੱਚ ਦੋ ਕੁ ਲਾਈਨਾਂ ਦੇ ਸੰਦੇਸ਼ ਵਿੱਚ ਲਿਖਿਆ ਗਿਆ ਹੈ ਕਿ ਹੋਮੀਓਪੈਥੀ ਦਵਾਈ ਜੈਲਸੀਮਿਅਮ 200 ਨਿਪਾਹ ਵਾਇਰਸ ਤੋਂ ਬਚਣ ਦੀ ਦਵਾਈ ਹੈ। ਇਸ ਦਵਾਈ ਨੂੰ ਹਫ਼ਤੇ ਵਿੱਚ ਤਿੰਨ ਵਾਰ ਤੇ ਤਿੰਨ ਹਫ਼ਤਿਆਂ ਤਕ ਲੈਣਾ ਹੋਵੇਗਾ। ਇਹ ਦਵਾਈ ਤੁਹਾਨੂੰ ਨਿਪਾਹ ਵਾਇਰਸ ਤੋਂ ਬਚਾਏਗੀ।
ਕੀ ਹੈ ਨਿਪਾਹ ਵਾਇਰਸ ਦੇ ਇਲਾਜ ਦੇ ਦਾਅਵੇ ਦਾ ਸੱਚ?
'ਏਬੀਪੀ ਨਿਊਜ਼' ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ। ਦਿੱਲੀ ਦੇ ਆਕਾਸ਼ ਹਸਪਤਾਲ ਦੇ ਐਲੋਪੈਥੀ ਡਾਕਟਰ ਪਰਿਨੀਤਾ ਕੌਰ ਨੇ ਦੱਸਿਆ ਕਿ ਨਿਪਾਹ ਵਾਇਰਸ ਦੇ ਇਲਾਜ ਲਈ ਕੋਈ ਵੀ ਦਵਾਈ ਈਜਾਦ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਅਣਗਿਣਤ ਕਿਸਮ ਦੇ ਵਾਇਰਸ ਹਨ ਤੇ ਇਨ੍ਹਾਂ ਵਿੱਚੋਂ ਕੁਝ ਗਿਣਤੀ ਦੇ ਵਾਇਰਸ ਦੇ ਖ਼ਾਤਮੇ ਲਈ ਦਵਾਈ ਬਣ ਪਾਈ ਹੈ।
ਹੇਡਗੇਵਾਰ ਆਰੋਗਿਆ ਸੰਸਥਾਨ ਦੇ ਡਾਕਟਰ ਵਿਸ਼ਾਲ ਚੱਢਾ ਨੇ ਦੱਸਿਆ ਕਿ ਜੇਲਸੀਮਿਅਮ 200 ਇੱਕ ਪੁਰਾਣੀ ਦਵਾਈ ਹੈ, ਜੋ ਹੋਮੀਓਪੈਥੀ ਇਲਾਜ ਵਿਧੀ ਵਿੱਚ ਵਰਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੋਮੀਓਪੈਥੀ ਵਿੱਚ ਬਿਮਾਰੀ ਦੇ ਮਰੀਜ਼ 'ਤੇ ਹੋ ਰਹੇ ਪ੍ਰਭਾਵ ਤੇ ਲੱਛਣਾਂ ਮੁਤਾਬਕ ਹੀ ਦਵਾਈ ਦਿੱਤੀ ਜਾਂਦੀ ਹੈ। ਇਸ ਲਈ ਨਿਪਾਹ ਵਾਇਰਸ ਦੇ ਲੱਛਣਾ ਨੂੰ ਦੇਖਣਾ ਹੋਵੇਗਾ। ਡਾ. ਚੱਢਾ ਮੁਤਾਬਕ ਇੱਕ ਬਿਮਾਰੀ ਦੇ ਇੱਕ ਤੋਂ ਵੱਧ ਲੱਛਣ ਵੀ ਹੋ ਸਕਦੇ ਹਨ, ਇਸ ਲਈ ਲੱਛਣਾਂ ਦੇ ਆਧਾਰ 'ਤੇ ਚੋਣ ਕਰ ਕੇ ਹੀ ਨਿਪਾਹ ਵਾਇਰਸ ਦੇ ਟਾਕਰੇ ਲਈ ਅਸਰਦਾਰ ਦਵਾਈ ਬਣਾਈ ਜਾ ਸਕਦੀ ਹੈ।
ਸਾਡੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਨਿਪਾਹ ਵਾਇਰਸ ਦੀ ਕੋਈ ਦਵਾਈ ਫ਼ਿਲਹਾਲ ਮੌਜੂਦ ਨਹੀਂ। ਇਸ ਲਈ ਨਿਪਾਹ ਵਾਇਰਸ ਦਾ ਸਭ ਤੋਂ ਵੱਡਾ ਇਲਾਜ ਸਾਵਧਾਨੀ ਤੇ ਪਰਹੇਜ਼ ਹੀ ਹੈ।