Silk Eye Surgery: ਜਦੋਂ ਸਰੀਰ ਦੇ ਸਭ ਤੋਂ ਜ਼ਰੂਰੀ ਅੰਗਾਂ ਦੀ ਗੱਲ ਆਉਂਦੀ ਹੈ, ਤਾਂ ਅੱਖਾਂ ਦਾ ਜ਼ਿਕਰ ਜ਼ਰੂਰ ਕੀਤਾ ਜਾਂਦਾ ਹੈ, ਕਿਉਂਕਿ ਇਨ੍ਹਾਂ ਦੀ ਕਮੀ ਨਾਲ ਜ਼ਿੰਦਗੀ ਵਿੱਚ ਹਨੇਰਾ ਹੋ ਜਾਂਦਾ ਹੈ। ਅੱਜ-ਕੱਲ੍ਹ ਲਾਈਫਸਟਾਈਲ ਇੰਨਾ ਵਿਅਸਤ ਹੋ ਗਿਆ ਹੈ ਕਿ ਜ਼ਿਆਦਾਤਰ ਸਮਾਂ ਸਮਾਰਟਫੋਨ, ਟੀਵੀ ਅਤੇ ਲੈਪਟਾਪ 'ਤੇ ਬਿਤਾਇਆ ਜਾਂਦਾ ਹੈ ਅਤੇ ਇਸ ਦਾ ਸਭ ਤੋਂ ਜ਼ਿਆਦਾ ਅਸਰ ਅੱਖਾਂ 'ਤੇ ਪੈਂਦਾ ਹੈ। ਇਸ ਕਰਕੇ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਜਾਂਦੀ ਹੈ। ਅਜਿਹੇ 'ਚ ਅਸੀਂ ਤੁਹਾਨੂੰ ਇਕ ਅਜਿਹੀ ਸਰਜਰੀ ਬਾਰੇ ਦੱਸ ਰਹੇ ਹਾਂ, ਜਿਸ 'ਚ ਨਾ ਤਾਂ ਕੋਈ ਚੀਰਾ ਲਗਾਇਆ ਜਾਵੇਗਾ ਅਤੇ ਨਾ ਹੀ ਕੋਈ ਟਾਂਕਾ ਲਗਾਇਆ ਜਾਵੇਗਾ। ਸਿਰਫ਼ ਪੰਜ ਮਿੰਟ ਦੀ ਸਰਜਰੀ ਨਾਲ ਤੁਹਾਡੀ ਨਜ਼ਰ ਵਿੱਚ ਸੁਧਾਰ ਹੋਵੇਗਾ।
ਜਦੋਂ ਅੱਖਾਂ ਦੀ ਨਿਗ੍ਹਾ ਕਮਜ਼ੋਰ ਹੋ ਜਾਂਦੀ ਹੈ ਤਾਂ ਹਰ ਕੋਈ ਕਹਿੰਦਾ ਐਨਕਾਂ ਲਵਾ ਲਓ। ਜੇਕਰ ਚਸ਼ਮਾ ਲਾਉਣ 'ਚ ਪਰੇਸ਼ਾਨੀ ਆਉਂਦੀ ਹੈ ਤਾਂ ਕਾਂਟੈਕਟ ਲੈਂਸ ਪਵਾਉਣ ਦਾ ਸੁਝਾਅ ਦਿੱਤਾ ਜਾਂਦਾ ਹੈ ਪਰ ਅਸੀਂ ਤੁਹਾਨੂੰ ਜਿਸ ਸਰਜਰੀ ਬਾਰੇ ਦੱਸ ਰਹੇ ਹਾਂ, ਉਸ ਨਾਲ ਸਿਰਫ ਪੰਜ ਮਿੰਟ 'ਚ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਠੀਕ ਹੋ ਜਾਵੇਗੀ। ਇਸ ਸਰਜਰੀ ਦਾ ਨਾਂ ਸਿਲਕ ਆਈ ਸਰਜਰੀ ਹੈ, ਜੋ ਇਸ ਸਮੇਂ ਸੁਰਖੀਆਂ 'ਚ ਹੈ।
ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੋਜੀ ਇਨਫਰਮੇਸ਼ਨ (NCBI) ਵਿੱਚ ਸਿਲਕ ਆਈ ਸਰਜਰੀ ਬਾਰੇ ਇੱਕ ਸਟੱਡੀ ਪ੍ਰਕਾਸ਼ਿਤ ਕੀਤੀ ਗਈ ਸੀ। ਦੱਸਿਆ ਗਿਆ ਕਿ ਇਸ ਸਰਜਰੀ 'ਚ ਸੈਕਿੰਡ ਜਨਰੇਸ਼ਨ ਫੇਮਟੋਸੇਕੰਡ ਲੇਜ਼ਰ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਸਰਜਰੀ ਰਾਹੀਂ ਕੋਰਨੀਆ ਨੂੰ ਮੁੜ ਆਕਾਰ ਦਿੱਤਾ ਜਾਂਦਾ ਹੈ, ਜੋ ਕਿ ਬਿਲਕੁਲ ਸਹੀ ਹੁੰਦਾ ਹੈ। ਖਾਸ ਗੱਲ ਇਹ ਹੈ ਕਿ ਇਸ ਸਰਜਰੀ 'ਚ ਕਿਸੇ ਵੀ ਤਰ੍ਹਾਂ ਦਾ ਚੀਰਾ ਨਹੀਂ ਲਗਾਇਆ ਜਾਂਦਾ ਹੈ।
ਜਾਣਕਾਰੀ ਮੁਤਾਬਕ ਇਸ ਸਰਜਰੀ ਨੂੰ ਕਰਨ ਤੋਂ ਪਹਿਲਾਂ ਮਰੀਜ਼ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਅੱਖਾਂ ਨੂੰ ਸੁੰਨ ਕਰਨ ਲਈ ਆਈ ਡਰੋਪ ਦੀ ਵਰਤੋਂ ਕੀਤੀ ਜਾਂਦੀ ਹੈ। ਸਰਜਨ ਇੱਕ ਫੇਮਟੋਸੈਕੰਡ ਲੇਜ਼ਰ ਦੀ ਵਰਤੋਂ ਕਰਦੇ ਹਨ ਅਤੇ ਕੋਰਨੀਆ ਵਿੱਚ ਇੱਕ ਬਹੁਤ ਛੋਟਾ ਚੀਰਾ ਲਾਉਂਦੇ ਹਨ। ਇਸ ਤੋਂ ਬਾਅਦ ਕੋਰਨੀਆ ਵਿੱਚ ਇੱਕ ਲੇਂਟੀਕੂਲ ਬਣਾਇਆ ਜਾਂਦਾ ਹੈ। ਡਾਕਟਰਾਂ ਅਨੁਸਾਰ ਇਸ ਸਮੇਂ ਦੌਰਾਨ ਇੱਕ ਅੱਖ ਦਾ ਲੇਜ਼ਰ ਕਰਨ ਵਿੱਚ ਸਿਰਫ਼ 10 ਤੋਂ 15 ਸਕਿੰਟ ਦਾ ਸਮਾਂ ਲੱਗਦਾ ਹੈ। ਇਸ ਦੇ ਨਾਲ ਹੀ ਪੂਰੀ ਸਰਜਰੀ ਸਿਰਫ਼ ਪੰਜ ਮਿੰਟਾਂ ਵਿੱਚ ਹੋ ਜਾਂਦੀ ਹੈ।
ਸਿਲਕ ਆਈ ਸਰਜਰੀ ਕਰਵਾਉਣ ਲਈ ਮਰੀਜ਼ ਦੀ ਉਮਰ ਘੱਟੋ-ਘੱਟ 22 ਸਾਲ ਹੋਣੀ ਚਾਹੀਦੀ ਹੈ। ਇਹ ਸਰਜਰੀ ਸ਼ੂਗਰ ਦੇ ਮਰੀਜ਼ਾਂ ਨੂੰ ਨਹੀਂ ਕਰਵਾਉਣੀ ਚਾਹੀਦੀ। ਇਸ ਦੇ ਨਾਲ ਹੀ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲਿਆਂ ਨੂੰ ਵੀ ਪਰਹੇਜ਼ ਕਰਨ ਦੀ ਲੋੜ ਹੈ। ਖਾਸ ਗੱਲ ਇਹ ਹੈ ਕਿ ਮਾਇਓਪੀਆ ਦੇ ਮਰੀਜ਼ਾਂ ਨੂੰ ਇਸ ਸਰਜਰੀ ਦਾ ਕਾਫੀ ਫਾਇਦਾ ਹੁੰਦਾ ਹੈ।
ਇਸ ਸਰਜਰੀ ਤੋਂ ਪਹਿਲਾਂ ਅੱਖਾਂ ਦੀ ਜਾਂਚ ਜ਼ਰੂਰ ਕਰਵਾਓ। ਇਸ ਤੋਂ ਇਲਾਵਾ ਡਾਕਟਰ ਨੂੰ ਤੁਹਾਡੀ ਮੈਡੀਕਲ ਹਿਸਟਰੀ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਸਰਜਰੀ ਤੋਂ ਪਹਿਲਾਂ, ਹਰ ਕਿਸੇ ਨੂੰ ਯਕੀਨੀ ਤੌਰ 'ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
Disclaimer: ਖ਼ਬਰ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।