ਨਵੀਂ ਦਿੱਲੀ: ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਹਾਨੂੰ ਆਪਣੀ ਮਨਪਸੰਦ ਨੌਕਰੀ ਮਿਲ ਵੀ ਜਾਂਦੀ ਹੈ ਤੇ ਤੁਹਾਡੇ ਨਾਲ ਕੰਮ ਕਰਨ ਵਾਲੇ ਸਾਥੀ ਵੀ ਚੰਗੇ ਹੁੰਦੇ ਹਨ ਪਰ ਬੌਸ ਬੜਾ ਭੈੜਾ ਤੇ ਖੜੂਸ ਹੁੰਦਾ ਹੈ। ਤੁਸੀਂ ਕਿੰਨਾ ਵੀ ਚੰਗਾ ਕੰਮ ਕਿਉਂ ਨਾ ਕਰ ਲਵੋ ਬੌਸ ਕਦੀ ਵੀ ਤਾਰੀਫ ਨਹੀਂ ਕਰਦਾ। ਜੇਕਰ ਤੁਸੀਂ ਵੀ ਆਪਣੇ ਬੌਸ ਤੋਂ ਪ੍ਰੇਸ਼ਾਨ ਹੋ ਤਾਂ ਯਕੀਨ ਮੰਨੋ ਤੁਸੀਂ ਇਕੱਲੇ ਨਹੀਂ ਹੋ। ਇੱਕ ਸਰਵੇਖਣ 'ਚ ਵੀ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਅੱਧੇ ਤੋਂ ਵੱਧ ਲੋਕ ਆਪਣੇ ਬੌਸ ਤੋਂ ਤੰਗ ਆ ਕੇ ਹੀ ਨੌਕਰੀ ਛੱਡਦੇ ਹਨ। ਪਰ ਤੁਹਾਨੂੰ ਨੌਕਰੀ ਤਿਆਗਣ ਦੀ ਲੋੜ ਨਹੀਂ ਸਗੋਂ ਭੈੜੇ ਬੌਸ ਨਾਲ ਟਾਕਰੇ ਦੇ ਖਾਸ ਟਿਪਸ ਪੜ੍ਹੋ-

ਸੱਭ ਤੋਂ ਪਹਿਲਾਂ ਇਸ ਗੱਲ ਬਾਰੇ ਪਤਾ ਕਰੋ ਕਿ ਤੁਸੀਂ ਆਪਣੇ ਬੌਸ ਦੇ ਸਾਹਮਣੇ ਕਿੱਥੇ ਕੁ ਖੜ੍ਹਦੇ ਹੋ। ਆਪਣੇ ਆਪ ਤੋਂ ਪੁੱਛੋ ਕਿ ਤੁਹਾਡੀ ਅਜਿਹੀ ਕਿਹੜੀ ਗੱਲ ਹੈ ਜਿਹੜੀ ਬੌਸ ਨੂੰ ਨਰਾਜ਼ ਕਰਦੀ ਹੈ? ਕਿਹੜੀਆਂ ਚੀਜ਼ਾਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀਆਂ ਹਨ? ਬੌਸ ਦਾ ਵਿਹਾਰ ਹੀ ਅਜਿਹਾ ਹੈ ਜਾਂ ਸਿਰਫ ਤੁਹਾਡੇ ਨਾਲ ਹੀ ਗ਼ਲਤ ਤਰੀਕੇ ਨਾਲ ਪੇਸ਼ ਆਉਂਦੇ ਹਨ? ਜੇਕਰ ਤੁਹਾਡੇ ਬੌਸ ਦੀ ਗੱਲ ਛੱਡ ਦੇਈਏ ਤਾਂ ਕੀ ਤੁਸੀਂ ਬਾਕੀ ਟੀਮ ਨਾਲ ਕੰਮ ਕਰਨ 'ਚ ਖੁਸ਼ੀ ਮਹਿਸੂਸ ਕਰਦੇ ਹੋ?

ਜੇਕਰ ਗੱਲ ਸਿਰਫ ਗੁੱਸੇ 'ਤੇ ਕਾਬੂ ਕਰਨ ਦੀ ਹੈ ਤਾਂ ਉਨ੍ਹਾਂ ਗੱਲਾਂ ਅਤੇ ਹਾਲਾਤ ਨੂੰ ਪਛਾਣੋ ਜਿਸ ਕਾਰਨ ਬੌਸ ਨੂੰ ਗੁੱਸਾ ਆਉਂਦਾ ਹੈ। ਅਜਿਹਾ ਕਰਕੇ ਤੁਸੀਂ ਬੌਸ ਦੇ ਗੁੱਸੇ ਵੇਲੇ ਉਸ ਦੇ ਕਹਿਰ ਤੋਂ ਬਚ ਜਾਵੋਗੇ।

ਜੇਕਰ ਤੁਹਾਡਾ ਬੌਸ ਅਜਿਹਾ ਹੈ ਜਿਹੜਾ ਗੱਲ-ਗੱਲ 'ਤੇ ਡੈਡਲਾਇਨ ਬਾਰੇ ਸ਼ਿਕਾਇਤ ਕਰਦਾ ਹੋਵੇ ਅਤੇ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਪ੍ਰੇਸ਼ਾਨ ਹੋ ਜਾਵੇ ਤਾਂ ਤੁਹਾਡੇ ਲਈ ਚੰਗਾ ਇਹੀ ਹੋਵੇਗਾ ਕਿ ਤੁਸੀਂ ਹਮੇਸ਼ਾ ਬੌਸ ਤੋਂ ਇਕ ਕਦਮ ਅੱਗੇ ਰਹੋ। ਆਪਣੇ ਕੰਮ ਨੂੰ ਟਾਇਮ 'ਤੇ ਖ਼ਤਮ ਕਰ ਲਵੋ ਅਤੇ ਬੌਸ ਨੂੰ ਸ਼ਿਕਾਇਤ ਦਾ ਕੋਈ ਮੌਕਾ ਹੀ ਨਾ ਦਿਓ।

ਬੌਸ ਦੇ ਨਾਲ ਮੀਟਿੰਗ ਅਤੇ ਇੰਟ੍ਰੈਕਸ਼ਨ ਕਰਦੇ ਵੇਲੇ ਸਾਰੀਆਂ ਜ਼ਰੂਰੀ ਚੀਜ਼ਾਂ ਨੂੰ ਨੋਟ ਕਰੋ ਅਤੇ ਫਾਇਲ ਬਣਾ ਕੇ ਰੱਖੋ। ਅਜਿਹੇ 'ਚ ਤੁਹਾਡਾ ਹੀ ਫਾਇਦਾ ਹੋਵੇਗਾ। ਜੇਕਰ ਭਵਿੱਖ 'ਚ ਕਦੇ ਤੁਹਾਡਾ ਬੌਸ ਆਪਣੀ ਹੀ ਕਹੀ ਕਿਸੇ ਗੱਲ ਨੂੰ ਗ਼ਲਤ ਦੱਸਦਾ ਹੈ ਤਾਂ ਉਸ ਨੂੰ ਵਿਖਾਉਣ ਲਈ ਤੁਹਾਡੇ ਕੋਲ ਸਬੂਤ ਹੋਣਗੇ।

ਜੇਕਰ ਤੁਸੀਂ ਬੌਸ ਨਾਲ ਵਿਰੋਧਾਂ ਵਾਲੇ ਹਲਾਤਾਂ 'ਚ ਫਸ ਜਾਂਦੇ ਹੋ ਤਾਂ ਉਸੇ ਵੇਲੇ ਭੜਕੋ ਨਾ ਤੇ ਤਲਖੀ ਭਰੀ ਪ੍ਰਤੀਕਿਰਿਆ ਦੇਣ ਤੋਂ ਬਚੋ। ਹੋ ਸਕਦਾ ਹੈ ਟਾਇਮ ਨਾਲ ਹੌਲੀ-ਹੌਲੀ ਹਲਾਤ ਠੀਕ ਹੋ ਜਾਣ। ਬੌਸ ਨਾਲ ਮੁਕਾਬਲੇ ਦੀ ਥਾਂ ਆਪਣੇ ਆਪ ਨੂੰ ਸਮਾਂ ਦਿਓ।

ਸਾਡੇ 'ਚੋਂ ਜ਼ਿਆਦਾਤਰ ਲੋਕ ਚੰਗੀ ਗੱਲਬਾਤ ਦੇ ਫਾਇਦੇ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਹਕੀਕਤ ਇਹੀ ਹੈ ਕਿ ਅੰਦਰ ਹੀ ਅੰਦਰ ਪਰੇਸ਼ਾਨ ਹੋਣ ਨਾਲੋਂ ਚੰਗਾ ਹੈ ਕਿ ਬੌਸ ਦੇ ਸਾਹਮਣੇ ਦਿਲ ਦੀ ਗੱਲ ਖੁਲ੍ਹ ਕੇ ਕਹੋ, ਕਿਉਂਕਿ ਕਮਿਊਨੀਕੇਸ਼ਨ ਦੋਵੇਂ ਪਾਸੇ ਤੋਂ ਹੁੰਦੀ ਹੈ। ਸਾਹਮਣੇ ਵਾਲੇ ਦੀ ਗੱਲ ਸੁਣਨ ਲਈ ਵੀ ਤਿਆਰ ਰਹੋ। ਚੰਗੀ ਗੱਲਬਾਤ ਨਾਲ ਵੱਡੇ-ਵੱਡੇ ਮਸਲੇ ਸੁਲਝ ਹੀ ਜਾਂਦੇ ਹਨ।