ਨਵੀਂ ਦਿੱਲੀ: ਸ਼ਰਾਬ ਦੇ ਸ਼ੌਕੀਨ ਲੋਕ ਜਿਹੜੇ ਕੋਰੋਨਾ ਟੀਕਾ ਲਵਾ ਚੁੱਕੇ ਹਨ ਜਾਂ ਟੀਕਾ ਲਵਾਉਣ ਬਾਰੇ ਸੋਚ ਰਹੇ ਹਨ ਤਾਂ ਉਨ੍ਹਾਂ ਦੇ ਦਿਮਾਗ 'ਚ ਇਹ ਸਵਾਲ ਵੀ ਆ ਰਿਹਾ ਹੋਵੇਗਾ ਕਿ ਕੀ ਉਹ ਟੀਕਾ ਲਵਾਉਣ ਤੋਂ ਬਾਅਦ ਸ਼ਰਾਬ ਪੀ ਸਕਦੇ ਹਨ ਜਾਂ ਨਹੀਂ? ਇਹ ਅਜਿਹਾ ਸਵਾਲ ਹੈ, ਜਿਸ ਨੇ ਬਹੁਤ ਸਾਰੇ ਲੋਕਾਂ ਨੂੰ ਟੀਕੇ ਦੀ ਖੁਰਾਕ ਤੋਂ ਦੂਰ ਰੱਖਿਆ ਹੋਇਆ ਹੈ, ਕਿਉਂਕਿ ਕੁਝ ਲੋਕਾਂ ਨੂੰ ਰੋਜ਼ਾਨਾ ਸ਼ਰਾਬ ਪੀਣ ਦੀ ਆਦਤ ਹੈ ਤੇ ਅਜਿਹੀ ਸਥਿਤੀ 'ਚ ਭਾਵੇਂ ਉਹ ਟੀਕਾ ਲਵਾ ਕੇ ਕੋਰੋਨਾ ਤੋਂ ਬੱਚ ਜਾਣ, ਪਰ ਸ਼ਰਾਬ ਤੋਂ ਬਗੈਰ ਉਹ ਬੇਚੈਨ ਹੋਣ ਲੱਗਦੇ ਹਨ। ਹੋ ਸਕਦਾ ਹੈ ਕਿ ਅਜਿਹੇ ਲੋਕਾਂ ਨੂੰ ਟੀਕਾ ਲਗਵਾਉਣ ਤੋਂ ਬਾਅਦ ਕੁਝ ਦਿਨਾਂ ਲਈ ਸ਼ਰਾਬ ਨਾ ਪੀਣ ਦੀ ਸਲਾਹ ਦਿੱਤੀ ਗਈ ਹੋਵੇ।


ਉੱਥੇ ਹੀ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਟੀਕੇ ਨਾਲੋਂ ਵੱਧ ਤਾਂ ਉਹ ਸ਼ਰਾਬ ਨੂੰ ਕੋਰੋਨਾ ਤੋਂ ਬਚਾਅ ਲਈ ਸੁਰੱਖਿਅਤ ਮੰਨਦੇ ਹਨ ਪਰ ਕੀ ਸ਼ਰਾਬ ਦਾ ਸੇਵਨ ਲੋਕਾਂ ਨੂੰ ਕੋਰੋਨਾ ਤੋਂ ਬਚਾ ਸਕਦਾ ਹੈ ਤੇ ਕੀ ਇਸ ਦੀ ਵਰਤੋਂ ਟੀਕੇ ਦੇ ਬਾਅਦ ਵੀ ਕੀਤੀ ਜਾਣੀ ਚਾਹੀਦੀ ਹੈ। ਇਸ ਲੇਖ 'ਚ ਤੁਸੀਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਪ੍ਰਾਪਤ ਕਰੋਗੇ।

ਕੁਝ ਦਾਅਵਿਆਂ ਅਨੁਸਾਰ ਜੇ ਕੋਈ ਵਿਅਕਤੀ ਟੀਕਾ ਲਗਵਾਉਣ ਤੋਂ ਬਾਅਦ ਸ਼ਰਾਬ ਪੀਂਦਾ ਹੈ ਤਾਂ ਟੀਕੇ ਦੀ ਡੋਜ਼ ਦਾ ਅਸਰ ਘੱਟ ਜਾਂਦਾ ਹੈ। ਉੱਥੇ ਹੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ 'ਤੇ ਦਿਸ਼ਾ-ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਅਜੇ ਤਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਸ਼ਰਾਬ ਪੀਣ ਨਾਲ ਟੀਕੇ ਦੀ ਕਾਰਜਕੁਸ਼ਲਤਾ ਘੱਟ ਹੁੰਦੀ ਹੈ। ਹਾਲਾਂਕਿ ਮਾਹਰ ਕਹਿ ਰਹੇ ਹਨ ਕਿ ਟੀਕੇ ਦੀ ਡੋਜ਼ ਤੋਂ ਬਾਅਦ ਕੁਝ ਦਿਨ ਸ਼ਰਾਬ ਨਹੀਂ ਪੀਣੀ ਚਾਹੀਦੀ ਹੈ।

WHO CDC ਸੀਡੀਸੀ Centers for Disease Control and Prevention) ਜਾਂ ਹੋਰ ਮੈਡੀਕਲ ਬੋਰਡਾਂ ਵੱਲੋਂ ਕੋਈ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਗਈ ਹੈ ਕਿ ਟੀਕੇ ਦੀ ਡੋਜ਼ ਲੈਣ ਤੋਂ ਬਾਅਦ ਕਿਸੇ ਵਿਅਕਤੀ ਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ।

ਸ਼ਰਾਬ ਦਾ ਸੇਵਨ ਸਰੀਰ 'ਚ ਪੈਦਾ ਐਂਟੀਬਾਡੀਜ਼ ਦੇ ਉਤਪਾਦਨ 'ਤੇ ਸਿੱਧਾ ਅਸਰ ਨਹੀਂ ਪਾਉਂਦੇ ਹਨ। ਦੱਸ ਦੇਈਏ ਕਿ ਟੀਕੇ ਦੀ ਖੁਰਾਕ ਲੈਣ ਤੋਂ ਬਾਅਦ ਸਰੀਰ 'ਚ ਮੌਜੂਦ ਐਂਟੀਬਾਡੀਜ਼ ਇਸ ਨੂੰ ਭਵਿੱਖ 'ਚ ਲਾਗ ਦੇ ਹਮਲਿਆਂ ਤੋਂ ਬਚਾਉਂਦੇ ਹਨ। ਅਜਿਹੀ ਸਥਿਤੀ 'ਚ ਜੇ ਤੁਸੀਂ ਸ਼ਰਾਬ ਪੀਣ ਤੋਂ ਪ੍ਰਹੇਜ਼ ਕਰ ਸਕਦੇ ਹੋ ਤਾਂ ਇਹ ਵਧੀਆ ਗੱਲ ਹੈ, ਪਰ ਜੇ ਜ਼ਿਆਦਾ ਬੇਚੈਨੀ ਹੈ ਤਾਂ ਇਸ ਨੂੰ ਤੁਸੀ ਲਿਮਟ 'ਚ ਲੈ ਲਓ।

ਸ਼ਰਾਬ ਦਾ ਸੇਵਨ ਟੀਕੇ ਦੀ ਬੇਅਸਰਤਾ (vaccine ineffectiveness) ਨਾਲ ਜੁੜਿਆ ਨਹੀਂ ਹੈ ਅਤੇ ਨਾ ਹੀ ਇਸ ਨਾਲ ਕੋਵਿਡ ਟੀਕੇ ਦੇ ਪ੍ਰਭਾਵ 'ਚ ਕਮੀ ਦੇ ਸੰਕੇਤ ਮਿਲੇ ਹਨ, ਪਰ ਇਹ ਸਾਡੇ ਇਮਿਊਨ ਸਿਸਟਮ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਮਾਹਿਰ ਟੀਕਾ ਲਵਾਉਣ ਤੋਂ ਬਾਅਦ ਘੱਟੋ-ਘੱਟ 45 ਦਿਨ ਤਕ ਸ਼ਰਾਬ ਪੀਣ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੰਦੇ ਹਨ।

ਜਾਣਕਾਰੀ ਮੁਤਾਬਕ ਟੀਕਾ ਲਗਵਾਉਣ ਤੋਂ ਬਾਅਦ ਸਰੀਰ 'ਚ ਐਂਟੀਬਾਡੀਜ਼ ਸਹੀ ਤਰ੍ਹਾਂ ਪੈਦਾ ਹੋਣ 'ਚ ਘੱਟੋ-ਘੱਟ 3 ਹਫ਼ਤਿਆਂ ਦਾ ਸਮਾਂ ਲੱਗਦਾ ਹੈ। ਇਸ ਲਈ ਟੀਕਾਕਰਨ ਤੋਂ ਬਾਅਦ ਕੁਝ ਸਮੇਂ ਲਈ ਤੁਹਾਨੂੰ ਸ਼ਰਾਬ ਦੀ ਮਾਤਰਾ ਨੂੰ ਘਟਾਉਣਾ ਪਵੇਗਾ ਤਾਂ ਜੋ ਤੁਹਾਡੇ ਇਮਿਊਨ ਸਿਸਟਮ 'ਤੇ ਕੋਈ ਪ੍ਰਭਾਵ ਨਾ ਪਵੇ।