ਨਵੀਂ ਦਿੱਲੀ: ਕੀ ਤੁਸੀਂ ਖੁਸ਼ ਰਹਿਣਾ ਭੁੱਲ ਗਏ ਹੋ? ਕੀ ਤੁਸੀਂ ਹਰ ਵੇਲੇ ਉਦਾਸ ਹੀ ਰਹਿੰਦੇ ਹੋ? ਜੇਕਰ ਹਾਂ, ਤਾਂ ਤੁਹਾਨੂੰ ਸਿਰਫ ਇੱਕ ਚੀਜ਼ ਬਦਲਣ ਦੀ ਲੋੜ ਹੈ, ਉਹ ਹਨ ਤੁਹਾਡੀਆਂ ਕੁਝ ਆਦਤਾਂ। ਹਾਲ ਹੀ ਵਿੱਚ ਕੀਤੀ ਖੋਜ ਮੁਤਾਬਕ ਸਿਰਫ ਆਪਣੇ ਆਪ ਵਿੱਚ ਥੋੜ੍ਹੇ ਜਿਹੇ ਬਦਲਾਅ ਕਰਕੇ ਤੁਸੀਂ ਬਿਹਤਰ ਮਹਿਸੂਸ ਕਰ ਸਕਦੇ ਹੋ।

ਕੀ ਕਹਿੰਦੀ ਖੋਜ-

ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਖੁਦ ਦੇ ਬਾਰੇ ਨਾ ਸਿਰਫ ਚੰਗਾ ਮਹਿਸੂਸ ਕਰਨਾ ਹੋਵੇਗਾ ਬਲਕਿ ਥੋੜ੍ਹਾ ਬਿਹਤਰ ਕੰਮ ਕਰਕੇ ਤੁਸੀਂ ਆਪਣਾ ਪ੍ਰਦਰਸ਼ਨ ਵੀ ਵਧੀਆ ਬਣਾ ਸਕਦੇ ਹੋ।

ਕਿਵੇਂ ਕੀਤੀ ਗਈ ਖੋਜ-

ਬ੍ਰਿਟੇਨ ਦੀ ਯੂਨੀਵਰਸਿਟੀ ਆਫ਼ ਪੋਰਟਸਮਾਊਥ ਦੇ ਖੋਜਕਾਰਾਂ ਨੇ ਉਨ੍ਹਾਂ ਸਾਰੀਆਂ ਖੋਜਾਂ ਦਾ ਅਧਿਐਨ ਕੀਤਾ ਜਿਨ੍ਹਾਂ ਵਿੱਚ ਲੋਕਾਂ ਨੂੰ ਖੁਸ਼ ਰੱਖਣ ਵਾਲੀਆਂ ਚੀਜ਼ਾਂ ਬਾਰੇ ਦੱਸਿਆ ਗਿਆ ਸੀ। ਯੂਨੀਵਰਸਿਟੀ ਦੇ ਕੋਚ ਸਾਇੰਸਦਾਨ ਦਾ ਕਹਿਣਾ ਹੈ ਕਿ ਹਰ ਕੋਈ ਆਪਣੇ ਆਪ ਨੂੰ ਰੱਜਿਆ-ਪੁੱਜਿਆ ਅਖਵਾ ਕੇ ਖੁਸ਼ੀ ਮਹਿਸੂਸ ਕਰਦਾ ਹੈ।

ਸੰਪੂਰਨਤਾ ਦੇ ਅਹਿਸਾਸ ਲਈ ਬਣਾਈ ਸੂਚੀ-

ਖੋਜਕਾਰਾਂ ਨੇ ਇਸ ਲਈ ਸੂਚੀ ਬਣਾਈ ਹੈ ਜਿਸ ਵਿੱਚ ਉਹ ਚੀਜ਼ਾਂ ਸ਼ਾਮਲ ਹਨ, ਜਿਨ੍ਹਾਂ ਨੂੰ ਲੋਕ ਰੱਜੇ-ਪੁੱਜੇ ਹੋਣ ਦਾ ਸੂਚਕ ਮੰਨਦੇ ਹਨ। ਇਸ ਵਿੱਚ ਮੋਟੀਵੇਸ਼ਨ, ਉਮੀਦ ਤੇ ਸਵੈਮਾਣ ਵਰਗੀਆਂ ਭਾਵਨਾਵਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਕਿਸੇ ਵਿਅਕਤੀ ਦਾ ਹੋਰਾਂ ਦੇ ਸੰਪਕਰ ਵਿੱਚ ਰਹਿਣ ਦੀ ਕਾਬਲੀਅਤ, ਲਚਕੀਲਾਪਣ, ਹਾਲਾਤ ਮੁਤਾਬਕ ਢਲਣ ਤੇ ਸਮਾਜਕ ਤੌਰ 'ਤੇ ਵਿਚਰਣ ਆਦਿ ਵਾਲੀਆਂ ਗੱਲਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ।

ਖੋਜ ਦੇ ਨਤੀਜੇ-

ਖੋਜਕਾਰਾਂ ਨੇ ਇਹ ਲੱਭਿਆ ਕਿ ਕਿਸ ਵਿਅਕਤੀ ਨੂੰ ਮੌਕੇ, ਪਰਿਵਾਰਕ ਸਹਿਯੋਗ, ਚੁਨੌਤੀਆਂ ਤੇ ਔਖਿਆਈਆਂ 'ਤੇ ਕਾਬੂ ਪਾਉਣ ਵਾਲੀ ਕਾਬਲੀਅਤ ਤੇ ਸ਼ਾਂਤ ਵਾਤਾਵਰਨ ਮਿਲ ਜਾਵੇ ਤਾਂ ਉਹ ਆਪਣੇ ਆਪ ਨੂੰ ਰੱਜਿਆ-ਪੁੱਜਿਆ ਮਹਿਸੂਸ ਕਰਦਾ ਹੈ ਤੇ ਨਤੀਜੇ ਵਜੋਂ ਖੁਸ਼ ਰਹਿੰਦਾ ਹੈ।