ਨਵੀਂ ਦਿੱਲੀ: ਵੈਸੇ ਤਾਂ ਅੱਜ ਕੱਲ੍ਹ ਇਹੋ ਸੁਣਨ ਵਿੱਚ ਆਉਂਦਾ ਹੈ ਕਿ ਔਰਤਾਂ ਨੇ ਮਰਦਾਂ ਨੂੰ ਹਰ ਖੇਤਰ ਵਿੱਚ ਮਾਤ ਦਿੱਤੀ ਹੈ ਪਰ ਇੱਕ ਖੋਜ ਵਿੱਚ ਦੱਸਿਆ ਗਿਆ ਹੈ ਕਿ ਅੰਗਰੇਜ਼ੀ ਸ਼ਬਦ-ਜੋੜ ਦੀ ਇੱਕ ਖੇਡ ਸਕ੍ਰੈਬਲਜ਼ ਨੂੰ ਖੇਡਣ ਵਿੱਚ ਮਰਦਾਂ ਨੇ ਔਰਤਾਂ ਨੂੰ ਪਛਾੜ ਦਿੱਤਾ ਹੈ। ਖੋਜ ਵਿੱਚ ਦੱਸਿਆ ਹੈ ਕਿ ਔਰਤਾਂ ਦਿਮਾਗੀ ਕਸਰਤ ਵਾਲੀਆਂ ਅਜਿਹੀਆਂ ਖੇਡਾਂ 'ਤੇ ਆਪਣਾ ਸਮਾਂ ਬਤੀਤ ਕਰਨ ਨੂੰ ਬੇਕਾਰ ਸਮਝਦੀਆਂ ਹਨ।
ਸਕ੍ਰੈਬਲਜ਼ ਸ਼ਬਦਾਂ ਦੇ ਹੇਰਫੇਰ ਵਾਲੀ ਖੇਡ ਹੁੰਦੀ ਹੈ ਜਿਸ ਵਿੱਚ ਔਰਤਾਂ ਸ਼ਤਰੰਜ ਦੇ ਮੁਕਾਬਲੇ ਥੋੜ੍ਹੀ ਜ਼ਿਆਦਾ ਰੁਚੀ ਵਿਖਾਉਂਦੀਆਂ ਹਨ। ਹਾਲਾਂਕਿ, ਔਰਤਾਂ ਦੇ ਹਿੱਸਾ ਲੈਣ ਦੇ ਬਾਵਜੂਦ ਮਰਦ ਇਸ ਖੇਡ ਦੇ ਸਿਖਰ 'ਤੇ ਛੇਤੀ ਹੀ ਪਹੁੰਚ ਜਾਂਦੇ ਹਨ। ਪਿਛਲੇ 10 ਸਾਲਾਂ ਵਿੱਚ ਹੋਏ ਮੁਕਾਬਲਿਆਂ ਵਿੱਚ ਵੀ ਮਰਦਾਂ ਨੇ ਹੀ ਬਾਜ਼ੀ ਮਾਰੀ ਹੈ।
ਅਮਰੀਕਾ ਵਿੱਚ ਯੂਨੀਵਰਸਿਟੀ ਆਫ਼ ਮਿਆਮੀ ਵਿੱਚ 300 ਵਿਅਕਤੀਆਂ ਦੀਆਂ ਆਦਤਾਂ ਬਾਰੇ ਜਾਣਿਆ ਗਿਆ। ਉਨ੍ਹਾਂ ਤੋਂ ਇਸ ਖੇਡ ਬਾਰੇ ਵੀ ਕਈ ਸਵਾਲ ਕੀਤੇ ਜਿੱਥੋਂ ਇਹ ਨਤੀਜਾ ਨਿਕਲਿਆ ਕਿ ਔਰਤਾਂ ਨੇ ਇਸ ਪ੍ਰਤੀ ਰੁਚੀ ਘੱਟ ਹੀ ਵਿਖਾਈ।
ਖੋਜਕਾਰਾਂ ਨੇ ਇਹ ਲੱਭਿਆ ਕਿ ਇਹ ਕੋਈ ਜਮਾਂਦਰੂ ਹੁਨਰ ਦੀ ਗੱਲ ਨਹੀਂ ਹੈ। ਔਰਤਾਂ ਬਿਨਾਂ ਕਿਸੇ ਠੋਸ ਕਾਰਨ ਤੋਂ ਆਪਣੇ ਹੁਨਰ ਨੂੰ ਤਰਾਸ਼ਣ ਲਈ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੀਆਂ।