ਚੰਡੀਗੜ੍ਹ: ਪੰਜਾਬ ਦੇ ਚਰਚਿਤ ਜੱਸੀ ਕਤਲ ਮਾਮਲੇ ਵਿੱਚ ਪੰਜਾਬੀ ਮੂਲ ਦੇ ਦੋ ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਦਿੱਤੇ ਗਏ ਹਨ। ਕੈਨੇਡਾ ਦੀ ਸੁਪਰੀਮ ਕੋਰਟ ਨੇ ਕੇਸ ਦੇ ਮੁਲਜ਼ਮ ਮਲਕੀਤ ਕੌਰ ਸਿੱਧੂ ਤੇ ਸੁਬਜੀਤ ਸਿੰਘ ਬਦੇਸ਼ਾ ਨੂੰ ਭਾਰਤ ਹਵਾਲੇ ਕਰਨ ਦਾ ਰਾਹ ਪੱਧਰਾ ਕੀਤਾ ਹੈ। ਜ਼ਿਕਰਯੋਗ ਹੈ ਕਿ ਜੱਸੀ ਦੇ ਕਤਲ ਕੇਸ 'ਚ ਮੁਲਜ਼ਮ ਉਸ ਦੀ ਆਪਣੀ ਮਾਂ ਮਲਕੀਤ ਕੌਰ ਸਿੱਧੂ ਤੇ ਮਾਮਾ ਸੁਬਜੀਤ ਸਿੰਘ ਬਦੇਸ਼ਾ ਹੈ।

ਇਨ੍ਹਾਂ ਦੋਵਾਂ ਉੱਤੇ ਇਲਜ਼ਾਮ ਹੈ ਕਿ ਇਨ੍ਹਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲੀ 24 ਸਾਲ ਦੀ ਜੱਸੀ ਸਿੱਧੂ ਦਾ ਕਤਲ ਕਰਵਾਉਣ 'ਚ ਮੁੱਖ ਭੂਮਿਕਾ ਨਿਭਾਈ ਸੀ। 2014 ਵਿੱਚ ਇਨ੍ਹਾਂ ਨੂੰ ਕੈਨੇਡਾ ਦੇ ਤਤਕਾਲੀ ਕੇਂਦਰੀ ਨਿਆਂ ਮੰਤਰੀ ਨੇ ਭਾਰਤ ਹਵਾਲੇ ਕਰਨ ਦੇ ਹੁਕਮ ਦਿੱਤੇ ਸਨ। ਭਾਰਤ ਸਰਕਾਰ ਨੇ ਹਿਰਾਸਤ ਵਿੱਚ ਇਨ੍ਹਾਂ ਦੀ ਸਿਹਤ ਦਾ ਖਿਆਲ ਰੱਖਣ ਦਾ ਲਿਖਤੀ ਭਰੋਸਾ ਦਿੱਤਾ ਸੀ। ਉਸ ਉੱਤੇ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਨੇ 2016 ਵਿੱਚ ਰੋਕ ਲਾ ਦਿੱਤੀ ਸੀ। ਇਸ ਨੂੰ ਹੁਣ ਸੁਪਰੀਮ ਕੋਰਟ ਨੇ ਖ਼ਤਮ ਕਰ ਦਿੱਤਾ ਹੈ।

ਜੱਸੀ ਸਿੱਧੂ ਨੇ ਇਲਜ਼ਾਮ ਲਾਇਆ ਸੀ ਕਿ ਜਾਇਦਾਦ ਲਈ ਉਸ ਦਾ ਵਿਆਹ ਉਸ ਤੋਂ ਕਾਫੀ ਵੱਡੀ ਉਮਰ ਦੇ ਸ਼ਖਸ ਨਾਲ ਕਰਾਇਆ ਜਾਣਾ ਸੀ। ਉਸ ਨੇ ਆਪਣੇ ਮਾਪਿਆਂ ਦੀ ਮਰਜ਼ੀ ਖਿਲਾਫ ਜਾ ਕੇ ਚੁੱਪ-ਚੁਪੀਤੇ ਆਟੋ-ਰਿਕਸ਼ਾ ਚਾਲਕ ਮਿੱਠੂ ਸਿੱਧੂ ਨਾਲ ਭਾਰਤ ਵਿੱਚ ਵਿਆਹ ਕਰਾ ਲਿਆ ਸੀ। ਉਹ ਕੈਨੇਡਾ ਛੱਡ ਕੇ ਪੰਜਾਬ ਆ ਗਈ ਸੀ।

ਕੁਝ ਮਹੀਨਿਆਂ ਬਾਅਦ ਜਗਰਾਓਂ ਦੇ ਕਾਉਂਕੇ ਪਿੰਡ ਦੇ ਰਹਿਣ ਵਾਲੇ ਮਿੱਠੂ ਸਿੱਧੂ ਤੇ ਜੱਸੀ ਸਿੱਧੂ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਸ ਵਿੱਚ ਜੱਸੀ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ 3 ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਰ ਜੱਸੀ ਦੀ ਮਾਂ ਮਲਕੀਤ ਕੌਰ ਤੇ ਮਾਮਾ ਸੁਬਜੀਤ ਸਿੰਘ ਕੈਨੇਡਾ 'ਚ ਰਹਿੰਦੇ ਹੋਣ ਕਾਰਨ ਸਜ਼ਾ ਤੋਂ ਬਚੇ ਹੋਏ ਹਨ। ਉਨ੍ਹਾਂ ਨੇ ਆਪਣੀ ਵਡੇਰੀ ਉਮਰ ਤੇ ਖਰਾਬ ਸਿਹਤ ਦਾ ਹਵਾਲਾ ਦਿੱਤਾ ਸੀ।