ਚੰਡੀਗੜ੍ਹ: ਕੁਝ ਵਕਫ਼ੇ ਬਾਅਦ ਹੀ ਸਹੀ ਪਰ ਪੰਜਾਬ ਦਾ ਖੇਡ ਵਿਭਾਗ ਜਾਗਿਆ ਹੈ। ਉਸ ਨੇ ਵਿਸ਼ਵ ਅਥਲੈਟਿਕ ਚੈਂਪੀਅਨਸਿ਼ਪ 'ਚ ਇਤਿਹਾਸ ਰਚਣ ਵਾਲੇ ਦਵਿੰਦਰ ਸਿੰਘ ਕੰਗ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਹੈ। ਕੰਗ ਨੇ ਅਗਸਤ ਮਹੀਨੇ ਲੰਡਨ ਵਿੱਚ ਹੋਈ ਅਥਲੈਟਿਕ ਚੈਂਪੀਅਨਸਿ਼ਪ 'ਚ ਨੇਜਾ ਸੁੱਟਣ ਦੇ ਮੁਕਾਬਲੇ ਵਿੱਚ ਫਾਈਨਲ ਤੱਕ ਦਾ ਸਫ਼ਰ ਤੈਅ ਕਰਕੇ ਪਹਿਲਾ ਭਾਰਤੀ ਹੋਣ ਦਾ ਮਾਣ ਹਾਸਲ ਕੀਤਾ ਸੀ।

ਦੱਸ ਦਈਏ ਕਿ ਦਵਿੰਦਰ ਨੇ ਏਬੀਪੀ ਸਾੰਝਾ ਨਾਲ ਗੱਲਬਾਤ ਦੌਰਾਨ ਸਰਕਾਰ ਵੱਲੋਂ ਅਣਗੌਲਿਆ ਕਰਨ ਦਾ ਰੋਸ ਪ੍ਰਗਟ ਕੀਤਾ ਸੀ। ਹੁਣ ਵੀ ਦਵਿੰਦਰ ਦਾ ਕਹਿਣਾ ਹੈ ਕਿ ਜਿੰਨਾ ਉਸ ਦੀ ਖੇਡ 'ਤੇ ਖਰਚ ਹੁੰਦਾ ਹੈ ਇਹ ਰਾਸ਼ੀ ਕਾਫ਼ੀ ਨਹੀਂ ਹੈ।

ਜਦੋਂ ਇਸ ਬਾਬਤ ਪੰਜਾਬ ਖੇਡ ਵਿਭਾਗ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਲਾ ਕੇ ਆਉਣ ਵਾਲੇ ਸਮੇਂ 'ਚ ਕੰਗ ਦੀ ਮੱਦਦ ਕਰਨ ਦੀ ਗੱਲ ਆਖੀ। ਇਹ ਆਉਣ ਵਾਲਾ ਸਮਾਂ ਕਦੋਂ ਆਵੇਗਾ, ਇਸ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਇਸ ਲਾਰੇ ਨੇ ਪੰਜਾਬ ਦੇ ਬਹੁਤ ਸਾਰੇ ਖਿਡਾਰੀਆਂ ਦਾ ਭਵਿੱਖ ਜ਼ਰੂਰ ਡੋਬ ਦਿੱਤਾ ਹੈ।