ਅੰਮ੍ਰਿਤਸਰ: ਨਗਰ ਸੁਧਾਰ ਟਰੱਸਟ ਵਿੱਚ ਤਾਇਨਾਤ ਕੁਝ ਅਧਿਕਾਰੀਆਂ ਨੇ ਜਨਤਾ ਦੇ ਪੈਸੇ ਨਾਲ ਹੇਰਾਫੇਰੀ ਕਰਕੇ ਕਰੋੜਾਂ ਦਾ ਘਪਲਾ ਕੀਤਾ ਹੈ। ਇਸ ਘਪਲੇ ਦੇ ਖੁਲਾਸਾ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ। ਸਿੱਧੂ ਮੁਤਾਬਕ ਜਾਂਚ ਹੋਣ 'ਤੇ ਘਪਲਾ 100 ਕਰੋੜ ਤੋਂ ਵੀ ਉੱਪਰ ਹੋ ਸਕਦਾ ਹੈ। ਫਿਲਹਾਲ ਪੁਲਿਸ ਵੱਲੋਂ 7 ਅਧਿਕਾਰੀਆਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਅਹੁਦਿਆਂ ਤੋਂ ਮੁਅੱਤਲ ਕਰ ਦਿੱਤਾ ਹੈ।

ਨਵਜੋਤ ਸਿੱਧੂ ਨੇ ਅੱਜ ਅੰਮ੍ਰਿਤਸਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਲਾਸਾ ਕੀਤਾ ਕਿ ਅੰਮ੍ਰਿਤਸਰ ਟਰੱਸਟ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਤਾਇਨਾਤ ਕੁਝ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਂਦਿਆਂ ਕਰੋੜਾਂ ਰੁਪਇਆਂ ਦਾ ਘਪਲਾ ਕੀਤਾ ਹੈ। ਇਸ ਘਪਲੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਜਾਂਚ ਕਾਰਵਾਈ ਗਈ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਭ੍ਰਿਸ਼ਟ ਅਫਸਰਾਂ ਨੇ ਹੁਣ ਤੱਕ ਕਰੀਬ 80 ਕਰੋੜ ਦਾ ਘਪਲਾ ਕੀਤਾ ਹੈ।

ਵਿਭਾਗ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਟਰੱਸਟ ਦੇ ਇੱਕ ਚਾਰਟਡ ਅਕਾਊਂਟੈਂਟ ਸਮੇਤ ਕੁੱਲ 7 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਵੀ ਅਧਿਕਾਰੀ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕੀ। ਸਿੱਧੂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਈ.ਓ ਅਰਵਿੰਦ ਸ਼ਰਮਾ, ਡੀ.ਸੀ. ਗਰਗ, ਪਰਮਜੀਤ ਸਿੰਘ ਤੇ ਡੀ.ਸੀ.ਐਫ.ਏ ਦਮਨ ਭੱਲਾ, ਅਕਾਊਂਟੈਂਟ ਟੀਨਾ ਵੋਹਰਾ, ਕਲਰਕ ਸਤਨਾਮ ਸਿੰਘ ਤੇ ਸੀ.ਏ. ਸੰਜੇ ਕਪੂਰ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਦਿੱਤੀ ਗਈ ਘਪਲੇ ਦੀ ਰਕਮ 58, 15, 72, 617, 68 ਦੱਸੀ ਗਈ ਹੈ।

ਸਿੱਧੂ ਨੇ ਦੱਸਿਆ ਕਿ ਜਿਨ੍ਹਾਂ ਅਧਿਕਾਰੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵੱਲੋਂ ਆਪਸ ਵਿੱਚ ਮਿਲੀਭੁਗਤ ਨਾਲ ਸਰਕਾਰੀ ਪੈਸੇ ਨੂੰ ਸਰਕਾਰੀ ਖਾਤਿਆਂ ਦੀ ਥਾਂ ਆਪਣੇ ਤੇ ਆਪਣੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਸੀ। ਇਨ੍ਹਾਂ ਅਧਿਕਾਰੀਆਂ ਕਿ ਸਾਲਾਂ ਤੋਂ ਟਰੱਸਟ ਵਿੱਚ ਹਰ ਰੋਜ਼ ਹੋਣ ਵਾਲੇ ਲੈਣ ਦੇਣ ਬਾਰੇ ਲਾਏ ਗਏ ਰਜਿਸਟਰ ਵਿੱਚ ਕੋਈ ਵੀ ਜਾਣਕਾਰੀ ਨਹੀਂ ਲਿਖੀ ਜਾਂਦੀ ਸੀ। ਇਸ ਸਾਰੇ ਘਪਲੇ ਵਿੱਚ ਸੀ.ਏ. ਦੀ ਵੀ ਅਹਿਮ ਭੂਮਿਕਾ ਮੰਨੀ ਜਾ ਰਹੀ ਹੈ। ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਵਿੱਚ ਕੁਝ ਹੋਰ ਅਧਿਕਾਰੀਆਂ ਦੇ ਸ਼ਾਮਲ ਹੋਣ ਦਾ ਵੀ ਖੁਲਾਸਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਕਿਸੇ ਵੀ ਪੱਧਰ ਦਾ ਹੋਵੇ ਜੇਕਰ ਉਹ ਤਾਂ ਉਸ ਖਿਲਾਫ ਸਖਤ ਕਾਰਵਾਈ ਜ਼ਰੂਰ ਕੀਤੀ ਜਾਵੇਗੀ।

ਇਸ ਪੂਰੇ ਮਾਮਲੇ ਵਿੱਚ ਸਾਬਕਾ ਮੰਤਰੀ ਅਨਿਲ ਜੋਸ਼ੀ ਦੀ ਭੂਮਿਕਾ ਬਾਰੇ ਪੁੱਛੇ ਗਏ ਸਵਾਲ ਤੇ ਸਿੱਧੂ ਨੇ ਕਿਹਾ ਕਿ ਹਾਲੇ ਤੱਕ ਇਸ ਘਪਲੇ ਵਿੱਚ ਜੋਸ਼ੀ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਜੇਕਰ ਕੋਈ ਸਬੂਤ ਮਿਲਦਾ ਹੈ ਤਾਂ ਕਾਰਵਾਈ ਜ਼ਰੂਰ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਹਿਕਮੇ ਵਿੱਚ ਹੋ ਰਹੇ ਸਾਰੇ ਕੰਮਾਂ ਦੀ ਜਾਣਕਾਰੀ ਮੰਤਰੀ ਜਾਂ ਉੱਚ ਅਧਿਕਾਰੀਆਂ ਨੂੰ ਜ਼ਰੂਰ ਹੋਣੀ ਚਾਹੀਦੀ ਹੈ। ਇਸ ਲਈ ਜੋਸ਼ੀ ਨੂੰ ਚਾਹੀਦਾ ਸੀ ਕਿ ਉਹ ਆਪਣੇ ਮਹਿੰਕਮੇ ਵੱਲ ਧਿਆਨ ਦਿੰਦੇ ਜੇਕਰ ਉਨ੍ਹਾਂ ਨੇ ਆਪਣੇ ਵਿਭਾਗ ਨੂੰ ਸੁਚੇਤ ਕੀਤਾ ਹੁੰਦਾ ਤਾਂ ਇੰਨਾ ਵੱਡਾ ਘਪਲਾ ਸਾਹਮਣੇ ਆਉਣ ਤੋਂ ਰੁਕ ਸਕਦਾ ਸੀ।