ਪੰਚਕੂਲਾ: ਡੇਰਾ ਸਿਰਸਾ ਮੁਖੀ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਵਾਲੇ ਦਿਨ ਪੰਚਕੂਲਾ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਹਰਿਆਣਾ ਪੁਲਿਸ ਨੇ ਡੇਰੇ ਦਾ ਪ੍ਰਮੁੱਖ ਆਗੂ ਗੋਵਿੰਦ ਇੰਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੀ ਤਫਤੀਸ਼ ਵਿੱਚ ਸਾਹਮਣੇ ਆਇਆ ਕਿ 25 ਅਗਸਤ ਨੂੰ ਹਾਫ਼ੇਡ ਚੌਂਕ 'ਤੇ ਡੇਰਾ ਪ੍ਰੇਮੀਆਂ ਦੀ ਭੀੜ ਨੂੰ ਭੜਕਾਉਣ ਵਿੱਚ ਗੋਵਿੰਦ ਦਾ ਵੱਡਾ ਹੱਥ ਸੀ।
ਹਾਸਲ ਜਾਣਕਾਰੀ ਦਿੰਦਿਆਂ ਪੰਚਕੁਲਾ ਪੁਲਿਸ ਦੇ ਕਮਿਸ਼ਨਰ, ਏ.ਐਸ. ਚਾਵਲਾ ਨੇ ਕਿਹਾ ਕਿ ਪੁਲਿਸ ਵੱਲੋਂ ਕੀਤੀ ਗਈ ਫੋਟੋਗ੍ਰਾਫੀ ਤੇ ਵੀਡਿਓਗ੍ਰਾਫੀ ਵਿੱਚ ਗੋਵਿੰਦ ਭੀੜ ਨੂੰ ਭੜਕਾਉਂਦਾ ਨਜ਼ਰ ਆਇਆ ਸੀ। ਪੰਚਕੂਲਾ ਵਿੱਚ ਹਿੰਸਾ ਦੌਰਾਨ ਲੱਗੀ ਅੱਗ ਦਾ ਗੋਵਿੰਦ ਵੀ ਜਿੰਮੇਵਾਰ ਹੈ।
ਗੋਵਿੰਦ ਇੰਸ ਨੂੰ ਪੁਲਿਸ ਨੇ ਦੇਸ਼ਧ੍ਰੋਹ ਦੇ ਮਾਮਲੇ ਵਿੱਚ ਸਾਜਿਸ਼ ਦੀ ਧਾਰਾ ਹੇਠ ਸ਼ਨੀਵਾਰ ਦੇਰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਚਾਵਲਾ ਨੇ ਦੱਸਿਆ ਕਿ ਫੋਟੋ ਵਿੱਚ ਸਾਫ ਨਜ਼ਰ ਆ ਰਿਹਾ ਸੀ ਕਿ ਕਿਵੇਂ ਗੋਵਿੰਦ ਪ੍ਰੇਮੀਆਂ ਦੀ ਭੀੜ ਨੂੰ ਦੰਗੇ ਕਰਨ ਲਿਆ ਭੜਕਾ ਰਿਹਾ ਸੀ। ਚਾਵਲਾ ਨੇ ਕਿਹਾ ਕਿ ਪੁਲਿਸ ਦੀ ਤਾਪਤੀਸ਼ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇੱਕ ਟੀਮ ਤਿਆਰ ਕੀਤੀ ਕੀਤੀ ਸੀ ਜਿਸ 'ਤੇ ਸਿਰਫ ਢੰਗ ਭੜਕਾਉਣ ਦਾ ਜਿੰਮਾ ਸੀ।
ਪੁਲਿਸ ਦੀ ਤਫਤੀਸ਼ ਵਿਚ ਹੋਰ ਵੀ ਕਈ ਚੇਹਰੇ ਸਾਹਮਣੇ ਆਏ ਹਨ ਜੋ 25 ਅਗਸਤ ਨੂੰ ਦੰਗਿਆਂ ਦੀ ਸਾਜ਼ਿਸ਼ ਵਿਚ ਸ਼ਾਮਲ ਸਨ। ਚਾਵਲਾ ਨੇ ਕਿਹਾ ਕਿ ਪੁਲਿਸ ਉਨ੍ਹਾਂ ਦੀ ਤਲਾਸ਼ ਜਾਰੀ ਹੈ ਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।