ਵਾਸ਼ਿੰਗਟਨ: ਪੜ੍ਹਨ-ਸੁਣਨ ਵਿੱਚ ਥੋੜ੍ਹਾ ਅਜੀਬ ਲੱਗੇ ਪਰ ਇੱਕ ਨਵੇਂ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਦਹਾਕਿਆਂ ਵਿੱਚ ਜ਼ਿਆਦਾ ਔਰਤਾਂ ਦੇ ਸਿੱਖਿਅਤ ਹੋ ਜਾਣ ਕਾਰਨ ਮਰਦ ਹੁਣ ਆਪਣੇ ਤੋਂ ਜ਼ਿਆਦਾ ਸਿੱਖਿਅਤ ਔਰਤਾਂ ਨਾਲ ਵਿਆਹ ਕਰਾਉਣਾ ਪਸੰਦ ਕਰਨ ਲੱਗੇ ਹਨ।

ਕ‍ੀ ਕਹਿੰਦੇ ਹਨ ਮਾਹਰ-

ਅਮਰੀਕਾ ਦੇ ਯੂਨੀਵਰਸਿਟੀ ਆਫ਼ ਕੰਸਾਸ ਦੇ ਐਸੋਸੀਏਟ ਪ੍ਰੋਫੈਸਰ ਚਾਂਗਵ੍ਹਾਨ ਕਿਮ ਨੇ ਕਿਹਾ ਕਿ ਸਮੇਂ ਦੇ ਨਾਲ-ਨਾਲ ਵਿਆਹ ਦਾ ਸਵਰੂਪ ਅਤੇ ਉਸ ਦੇ ਆਰਥਕ ਨਤੀਜੇ ਬਦਲ ਗਏ ਹਨ।
‘ਡੇਮੋਗਰਾਫੀ’ ਰਸਾਲੇ ਵਿੱਚ ਛਪੀ ਖੋਜ ਦੇ ਮੁੱਖ ਖੋਜਕਾਰ ਕਿਮ ਨੇ ਕਿਹਾ ਕਿ ਹੁਣ ਔਰਤਾਂ ਦੀ ਆਪਣੇ ਆਪ ਤੋਂ ਘੱਟ ਸਿੱਖਿਅਤ ਮਰਦਾਂ ਨਾਲ ਵਿਆਹ ਕਰਵਾਉਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ।

ਕਿਵੇਂ ਕੀਤੀ ਗਈ ਰਿਸਰਚ-

ਖੋਜਕਾਰਾਂ ਨੇ 1990 ਤੋਂ 2000 ਦੇ ਵਿੱਚ ਦੇ ਅਮਰੀਕੀ ਜਨਗਣਨਾ ਦੇ ਅੰਕੜਿਆਂ ਦੀ ਵਰਤੋਂ ਕਰਦਿਆਂ 35 ਤੋਂ 44 ਸਾਲ ਦੇ ਉਮਰ ਵਰਗ ਦੇ ਲੋਕਾਂ ਵਿੱਚ ਸਿੱਖਿਆ ਤੋਂ ਮਿਲਣ ਵਾਲੇ ਵਿੱਤੀ ਮੁਨਾਫ਼ੇ ਵਿੱਚ ਆਏ ਬਦਲਾਅ ਦੀ ਸਮਿਖਿਆ ਕੀਤੀ। ਉਨ੍ਹਾਂ ਨਾ ਸਿਰਫ ਕਿਰਤ ਬਾਜ਼ਾਰਾਂ ਵਿੱਚ ਸਗੋਂ ਵਿਆਹ ਬਾਜ਼ਾਰ ਵਿੱਚ ਵੀ ਸਿੱਖਿਆ ਦੇ ਲਾਭ ਨੂੰ ਪਰਖਿਆ।

1990 ਤੋਂ 2009-2011 ਵਿੱਚ ਔਰਤਾਂ ਦੀ ਨਿਜੀ ਕਮਾਈ ਪੁਰਸ਼ਾਂ ਦੀ ਤੁਲਨਾ ਵਿੱਚ ਜ਼ਿਆਦਾ ਤੇਜ਼ੀ ਨਾਲ ਵਧੀ। ਇਸ ਦਾ ਕਾਰਨ ਇਹ ਕਿ ਔਰਤਾਂ ਨੇ ਆਪਣੀ ਸਿੱਖਿਆ ਵਿੱਚ ਵਾਧਾ ਕੀਤਾ ਅਤੇ ਸਿੱਖਿਆ ਤੋਂ ਜ਼ਿਆਦਾ ਵਿੱਤੀ ਮੁਨਾਫ਼ਾ ਹਾਸਲ ਕੀਤਾ।

ਇਸ ਤਰ੍ਹਾਂ ਵਿਆਹ ਬਾਜ਼ਾਰ ਵਿੱਚ ਵੀ ਉੱਚ ਸਿੱਖਿਆ ਪ੍ਰਾਪਤ ਔਰਤਾਂ ਦੀ ਗਿਣਤੀ ਮਰਦਾਂ ਤੋਂ ਜ਼ਿਆਦਾ ਹੋ ਗਈ ਹੈ। ਔਰਤਾਂ ਦੇ ਵਿਆਹ ਆਪਣੇ ਆਪ ਤੋਂ ਘੱਟ ਸਿੱਖਿਅਤ ਮਰਦਾਂ ਨਾਲ ਹੋਣ ਦੀ ਜ਼ਿਆਦਾ ਸੰਭਾਵਨਾ ਹੈ।