ਨਵੀਂ ਦਿੱਲੀ: ਅੱਜ ਕੱਲ੍ਹ ਭਾਰਤ ਵਿੱਚ ਬੱਚਿਆਂ ਨੂੰ ਘਰ ਤੋਂ ਬਾਹਰ ਖੇਡਣ (ਆਊਟਡੋਰ ਗੇਮਜ਼) ਦੇ ਮੌਕੇ ਉਨ੍ਹਾਂ ਦੇ ਮਾਤਾ-ਪਿਤਾ ਦੇ ਬਚਪਨ ਦੀ ਤੁਲਨਾ 'ਚ ਘੱਟ ਮਿਲਦੇ ਹਨ। ਦਸ ਦੇਸ਼ਾਂ ਵਿੱਚ ਕੀਤੇ ਗਏ ਸਰਵੇਖਣ ਵਿੱਚ ਪਾਇਆ ਗਿਆ ਕਿ ਦੁਨੀਆ ਭਰ ਵਿੱਚ ਲਗਪਗ ਅੱਧੇ ਬੱਚੇ ਸਿਰਫ਼ ਇੱਕ ਘੰਟੇ ਜਾਂ ਇਸ ਤੋਂ ਵੀ ਘੱਟ ਸਮੇਂ ਤੱਕ ਆਪਣੇ ਘਰ ਦੇ ਬਾਹਰ ਖੇਲਦੇ ਹਨ।
ਇੱਕ ਅਧਿਐਨ ਵਿੱਚ 12,000 ਅਜਿਹੇ ਮਾਪਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ ਦੇ ਘੱਟ ਤੋਂ ਘੱਟ ਇੱਕ ਬੱਚੇ ਦੀ ਉਮਰ ਪੰਜ ਸਾਲ ਹੈ। ਆਊਟਡੋਰ ਗੇਮਜ਼ ਦੇ ਘੱਟ ਹੁੰਦਿਆਂ ਦਿੱਲੀ ਦੇ ਇੱਕ ਐਨ.ਜੀ.ਓ. ਨੇ ਪੂਰੇ ਦੇਸ਼ ਦੇ ਅਧਿਆਪਕਾਂ ਨੂੰ ਬੇਨਤੀ ਕੀਤੀ ਕਿ ਉਹ ਅਭਿਆਨ ਗਲੋਬਲ ਆਊਟਡੋਰ ਕਲਾਸ ਰੂਮ ਡੇਅ ਤੇ ਇਸ ਸਾਲ 12 ਅਕਤੂਬਰ ਨੂੰ ਘੱਟ ਤੋਂ ਘੱਟ ਇੱਕ ਸਬਕ ਜਾਂ ਪਾਠ ਕਲਾਸ ਤੋਂ ਬਾਹਰ ਕਰਵਾਉਣ।
ਇਹ ਸਰਵੇਖਣ ਮਾਰਕੀਟ ਰਿਸਰਚ ਫਰਮ ਐਡਲਮਾਨ ਇੰਟੈਲੀਜੈਂਸ ਨੇ ਫਰਵਰੀ ਤੋਂ ਮਾਰਚ 2016 ਦੇ ਵਿੱਚ 10 ਦੇਸ਼ਾਂ-ਭਾਰਤ, ਅਮਰੀਕਾ, ਬ੍ਰਾਜ਼ੀਲ, ਬ੍ਰਿਟੇਨ, ਤੁਰਕੀ, ਪੁਰਤਗਾਲ, ਦੱਖਣੀ ਅਫ਼ਰੀਕਾ, ਵੀਅਤਨਾਮ, ਚੀਨ ਅਤੇ ਇੰਡੋਨੇਸ਼ੀਆ ਵਿੱਚ ਕੀਤਾ।
ਖੋਜਕਾਰਾਂ ਨੇ ਪਾਇਆ ਕਿ ਭਾਰਤ ਵਿੱਚ 56 ਫ਼ੀ ਸਦੀ ਮਾਪਿਆਂ ਦਾ ਅਜਿਹਾ ਮੰਨਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਬਾਹਰ ਖੇਡਣ ਦੇ ਮੌਕੇ ਘੱਟ ਮਿਲਦੇ ਹਨ। ਉਹ ਇਸਦੀ ਤੁਲਨਾ ਖ਼ੁਦ ਦੇ ਬਚਪਨ ਨਾਲ ਕਰਦੇ ਹਨ।
ਬੱਚਿਆਂ ਦਾ ਸਰੀਰਿਕ ਊਰਜਾ ਪੱਧਰ ਵੀ ਕਾਫੀ ਵਧੇਰੇ ਹੁੰਦਾ ਹੈ ਇਸ ਲਈ ਉਨ੍ਹਾਂ ਲਈ ਬਾਹਰੀ ਖੇਡਾਂ ਅਤੇ ਗਤੀਵਿਧੀਆਂ ਬਹੁਤ ਮਹੱਤਵਪੂਰਨ ਹੁੰਦੀਆਂ ਹਨ। ਇਸ ਨਾਲ ਉਹ ਪ੍ਰਯੋਗਿਕ ਢੰਗ ਨਾਲ ਸਿੱਖਦੇ ਹਨ ਅਤੇ ਉਨ੍ਹਾਂ ਦੇ ਦਿਮਾਗ ਦੀ ਵਰਤੋਂ ਆਮ ਨਾਲੋਂ ਵਧ ਜਾਂਦੀ ਹੈ। ਬੱਚੇ ਜਦ ਘਰ ਵਿੱਚ ਹੀ ਬੰਦ ਰਹਿੰਦੇ ਹਨ ਤਾਂ ਉਨ੍ਹਾਂ ਦੀ ਰੋਗ-ਪ੍ਰਤੀਰੋਧਕ ਪ੍ਰਣਾਲੀ ਦਾ ਵਿਕਾਸ ਘੱਟ ਹੁੰਦਾ ਹੈ ਅਤੇ ਉਹ ਬਿਮਾਰੀਆਂ ਦੀ ਗ੍ਰਿਫਤ ਵਿੱਚ ਛੇਤੀ ਆ ਜਾਂਦੇ ਹਨ।