ਸਕੂਲਾਂ ਵਿੱਚ ਕਿਵੇਂ ਹੋਵੇ ਬੱਚੇ ਦੀ ਸੁਰੱਖਿਆ-
- ਸਭ ਤੋਂ ਪਹਿਲਾਂ ਮਾਂ-ਬਾਪ ਨੂੰ ਸਕੂਲ ਨਾਲ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ। ਸਕੂਲ ਦੇ ਸੁਰੱਖਿਆਂ ਪ੍ਰਬੰਧਾਂ ਬਾਰੇ ਪੜਤਾਲ ਕਰ ਮਾਪੇ ਆਪਣਾ ਯਕੀਨ ਚੰਗੀ ਤਰ੍ਹਾਂ ਬਣਾ ਲੈਣ।
- ਸਕੂਲ ਵਿੱਚ ਬੱਚੇ ਦਾ ਦਾਖ਼ਲਾ ਕਰਵਾਉਣ ਤੋਂ ਪਹਿਲਾਂ ਸਕੂਲ ਦਾ ਪਿਛਲਾ ਰਿਕਾਰਡ ਜ਼ਰੂਰ ਚੈੱਕ ਕਰੋ। ਸਕੂਲ ਵਿੱਚ ਬੱਚੇ ਲਈ ਬੁਨਿਆਦੀ ਸਹੂਲਤਾਂ ਜਿਵੇਂ ਜਮਾਤ ਵਿੱਚ ਸਹੀ ਫਰਨੀਚਰ, ਪਾਣੀ ਪੀਣ ਦਾ ਸਥਾਨ ਤੇ ਪਖ਼ਾਨਾ ਆਦਿ ਸਹੀ ਤਰੀਕੇ ਨਾਲ ਤੇ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਬਣਿਆ ਹੋਵੇ।
- ਮਾਪਿਆਂ ਨੂੰ ਆਪਣੇ ਬੱਚੇ ਦੇ ਸਹਿਪਾਠੀਆਂ ਦੇ ਮਾਤਾ-ਪਿਤਾ ਨਾਲ ਰਾਬਤਾ ਰੱਖਣਾ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਪੇਰੈਂਟਸ ਐਸੋਸੀਏਸ਼ਨ ਇਸ ਦਾ ਵਧੀਆ ਵਿਕਲਪ ਹੈ। ਬੱਚੇ ਨੂੰ ਕੋਈ ਸਮੱਸਿਆ ਆਉਣ 'ਤੇ ਮਾਪੇ ਯਕੀਨੀ ਬਣਾਉਣ ਕਿ ਜਿੰਨੀ ਛੇਤੀ ਹੋ ਸਕੇ ਹੋਰਨਾਂ ਮਾਪਿਆਂ ਨਾਲ ਵੀ ਛੇਤੀ ਤੋਂ ਛੇਤੀ ਸਾਂਝਾ ਕਰਨ।
- ਬੱਚਿਆਂ ਨੂੰ ਸਕੂਲ ਵਿੱਚ ਸਿੱਖਿਅਤ ਕਰਨ ਭੇਜਣ ਤੋਂ ਪਹਿਲਾਂ ਮਾਂ-ਬਾਪ ਆਪਣੇ ਬੱਚੇ ਨੂੰ ਆਪਣੇ ਬਾਰੇ ਤੇ ਘਰ ਪਰਿਵਾਰ ਬਾਰੇ ਜਾਣਕਾਰੀ ਜ਼ਰੂਰ ਦੇਣ। ਜੇਕਰ ਛੋਟਾ ਬੱਚਾ ਕਿਧਰੇ ਗੁਆਚ ਵੀ ਜਾਂਦਾ ਹੈ ਤਾਂ ਉਸ ਦਾ ਆਪਣੇ ਘਰ ਪਰਿਵਾਰ ਬਾਰੇ ਮੁਢਲੀ ਜਾਣਕਾਰੀ ਹੋਣਾ ਉਸ ਨੂੰ ਮੁਸੀਬਤ ਵਿੱਚੋਂ ਕੱਢ ਸਕਦਾ ਹੈ। ਬੱਚੇ ਕੋਲ ਉਸ ਦੇ ਮਾਪਿਆਂ ਦਾ ਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਦਾ ਪਤਾ, ਅਹੁਦਾ ਜਾਂ ਕੰਮ-ਕਾਰ ਤੇ ਸੰਪਰਕ ਨੰਬਰ ਆਦਿ ਲਿਖੀ ਇੱਕ ਪਰਚੀ ਹਰ ਸਮੇਂ ਰਖਵਾਓ। ਬੱਚੇ ਨੂੰ ਚਾਈਲਡ ਹੈਲਪਲਾਈਨ ਨੰਬਰ 1098 ਬਾਰੇ ਵੀ ਸਿੱਖਿਅਤ ਕਰੋ ਤੇ ਇਸ ਦੀ ਵਰਤੋਂ ਬਾਰੇ ਵੀ ਦੱਸੋ।
- ਸਭ ਤੋਂ ਜ਼ਰੂਰੀ ਗੱਲ ਬੱਚਿਆਂ ਨੂੰ ਗੁੱਡ ਟੱਚ ਤੇ ਬੈਡ ਟੱਚ ਯਾਨੀ ਕਿ ਉਨ੍ਹਾਂ ਨੂੰ ਕੋਈ ਮਾੜੀ ਨੀਅਤ ਨਾਲ ਕਿਵੇਂ ਛੂਹ ਸਕਦਾ ਹੈ ਜਾਂ ਉਨ੍ਹਾਂ ਦੇ ਨੇੜੇ ਆ ਸਕਦਾ ਹੈ। ਜੇਕਰ ਬੱਚਾ ਜਾਣ ਜਾਵੇਗਾ ਕਿ ਉਸ ਵੱਲ ਕੋਈ ਮਾੜੀ ਨੀਅਤ ਨਾਲ ਵਧ ਰਿਹਾ ਹੈ ਤਾਂ ਉਹ ਮੌਕਾ ਪਾ ਕੇ ਸੰਭਲ ਸਕਦਾ ਹੈ ਤੇ ਬਚਾਅ ਲਈ ਸ਼ੋਰ ਵੀ ਪਾ ਸਕਦਾ ਹੈ।
- ਸਕੂਲ ਵਿੱਚ ਜ਼ਿਆਦਾ ਛੋਟੇ ਬੱਚਿਆਂ ਨੂੰ ਇਕੱਲੇ ਪਖ਼ਾਨਾ ਜਾਣ ਤੇ ਬੱਸ ਵਿੱਚ ਬਿਨਾਂ ਕਿਸੇ ਸਹਾਇਕ ਤੋਂ ਸਫ਼ਰ ਨਾ ਕਰਨ ਦਿਓ। ਸਕੂਲ ਬੱਸ ਵਾਲਿਆਂ ਨਾਲ ਮਾਪੇ ਬਰਾਬਰ ਆਪਣਾ ਸੰਪਰਕ ਬਣਾਈ ਰੱਖਣ।
- ਇਸ ਤੋਂ ਇਲਾਵਾ ਮਾਪੇ ਬੱਚਿਆਂ ਦੀਆਂ ਆਦਤਾਂ ਨੂੰ ਪੂਰੀ ਗਹੁ ਨਾਲ ਵਾਚਣ। ਜੇਕਰ ਬੱਚੇ ਦੇ ਖਾਣ-ਪੀਣ, ਸੌਣ ਜਾਂ ਉਸ ਦੇ ਸੁਭਾਅ ਵਿੱਚ ਅਚਾਨਕ ਕੋਈ ਬਦਲਾਅ ਆ ਜਾਵੇ ਤਾਂ ਚੌਕਸ ਹੋ ਜਾਵੋ। ਆਪਣੇ ਬੱਚਿਆਂ ਨੂੰ ਹਮੇਸ਼ਾ ਹੱਲਾਸ਼ੇਰੀ ਦਿਓ ਤੇ ਸਮਾਜਕ ਬੁਰਾਈਆਂ ਬਾਰੇ ਸਮੇਂ-ਸਮੇਂ ਸੁਚੇਤ ਕਰਦੇ ਰਹੋ ਤਾਂ ਜੋ ਉਹ ਆਪਣੀ ਸੁਰੱਖਿਆ ਕਰਨ ਦੇ ਸਮਰੱਥ ਹੋਵੇ ਤੇ ਨਾਲ ਹੀ ਚੰਗੇ ਸਮਾਜ ਦਾ ਰਚਣਹਾਰਾ ਬਣੇ। ਇਹ ਸਭ ਕਰੋਗੇ ਤਾਂ ਤੁਸੀਂ ਆਪਣੇ ਬੱਚੇ ਨੂੰ ਵਧੇਰੇ ਸੁਰੱਖਿਅਤ ਰੱਖ ਸਕੋਂਗੇ।