Zwigato Film Review: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਪਿਲ ਸ਼ਰਮਾ ਇੱਕ ਸ਼ਾਨਦਾਰ ਕਾਮੇਡੀਅਨ ਹੈ। ਨੰਦਿਤਾ ਦਾਸ ਇੱਕ ਚੰਗੀ ਅਦਾਕਾਰਾ ਹੈ। ਉਹ ਇੱਕ ਚੰਗੀ ਨਿਰਦੇਸ਼ਕ ਹੈ। ਇਸ 'ਚ ਵੀ ਕੋਈ ਸ਼ੱਕ ਨਹੀਂ ਹੈ। ਜਦੋਂ ਇਹ ਦੋਵੇਂ ਇਕੱਠੇ ਆਏ ਤਾਂ ਲੱਗਦਾ ਸੀ ਕਿ ਕੁਝ ਹੈਰਾਨੀਜਨਕ ਹੋ ਜਾਵੇਗਾ। ਪਰ ਕੀ ਕੁਝ ਹੋਇਆ ਹੈਰਾਨੀਜਨਕ? ਤਾਂ ਇਸ ਦਾ ਜਵਾਬ ਹੈ 'ਨਹੀਂ'। ਜ਼ਵਿਗਾਟੋ ਨੇ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ। ਸਾਫ ਸ਼ਬਦਾਂ 'ਚ ਗੱਲ ਕੀਤੀ ਜਾਏ ਤਾਂ ਇਸ ਫਿਲਮ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।


ਕਹਾਣੀ
ਜਿਵੇਂ ਕਿ ਨਾਮ ਅਤੇ ਪ੍ਰੋਮੋ ਤੋਂ ਹੀ ਪਤਾ ਲੱਗ ਗਿਆ ਸੀ ਕਿ ਇਹ ਫਿਲਮ ਡਿਲੀਵਰੀ ਬੁਆਏ ਬਾਰੇ ਹੈ। ਕਪਿਲ ਸ਼ਰਮਾ ਇੱਕ ਡਿਲੀਵਰੀ ਬੁਆਏ ਹੈ। ਉਹ ਕੋਰੋਨਾ ਵਿੱਚ ਆਪਣੀ ਨੌਕਰੀ ਗੁਆ ਬੈਠਦਾ ਹੈ ਅਤੇ ਉਸਨੂੰ ਫੂਡ ਡਿਲੀਵਰੀ ਬੁਆਏ ਵਜੋਂ ਕੰਮ ਕਰਨਾ ਪੈਂਦਾ ਹੈ। ਘਰ ਵਿੱਚ ਉਹਨਾਂ ਦੀ ਪਤਨੀ ਹੈ। ਦੋ ਬੱਚੇ ਅਤੇ ਇੱਕ ਬੀਮਾਰ ਮਾਂ। ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਾਹਕ ਉਨ੍ਹਾਂ ਨੂੰ ਕਿਵੇਂ ਦੇਖਦੇ ਹਨ। 5 ਸਟਾਰ ਰੇਟਿੰਗ ਲਈ ਕੀ ਕਰਨਾ ਪੈਂਦਾ ਹੈ। ਇਹ ਇਸ ਫਿਲਮ ਦੀ ਕਹਾਣੀ ਹੈ।
 
ਅਦਾਕਾਰੀ
ਕਪਿਲ ਸ਼ਰਮਾ ਨੇ ਕਮਾਲ ਦੀ ਐਕਟਿੰਗ ਕੀਤੀ ਹੈ। ਉਸ ਨੇ ਡਿਲੀਵਰੀ ਬੁਆਏ ਦਾ ਕਿਰਦਾਰ ਨਿਭਾਇਆ ਹੈ। ਉਸ ਦੇ ਐਕਸਪ੍ਰੈਸ਼ਨ (ਹਾਵ ਭਾਵ), ਬਾਡੀ ਲੈਂਗਵੇਜ ਸਭ ਕਮਾਲ ਦੇ ਹਨ।ਅਦਾਕਾਰਾ ਸ਼ਹਾਨਾ ਗੋਸਵਾਮੀ ਨੇ ਫਿਲਮ 'ਚ ਕਪਿਲ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਉਸ ਦੀ ਅਦਾਕਾਰੀ ਕਮਾਲ ਦੀ ਹੈ। ਉਹ ਕਿਤੇ ਕਿਤੇ ਕਪਿਲ 'ਤੇ ਭਾਰੀ ਪੈਂਦੀ ਨਜ਼ਰ ਆਉਂਦੀ ਹੈ।
 
ਫਿਲਮ ਕਿਵੇਂ ਹੈ
ਕਪਿਲ ਅਤੇ ਸ਼ਹਾਣਾ ਦੀ ਲਾਜਵਾਬ ਅਦਾਕਾਰੀ ਦੇ ਬਾਵਜੂਦ ਇਹ ਫਿਲਮ ਕਮਜ਼ੋਰ ਹੈ। ਕਿਉਂਕਿ ਫਿਲਮ ਦੀ ਕਹਾਣੀ ਨੂੰ ਠੀਕ ਤਰ੍ਹਾਂ ਪੇਸ਼ ਨਹੀਂ ਕੀਤਾ ਗਿਆ ਹੈ। ਇੰਜ ਲੱਗਦਾ ਹੈ ਕਿ ਕੁੱਝ ਵੀ ਕਿਤੋਂ ਵੀ ਆਈ ਜਾਂਦਾ ਹੈ। ਕਪਿਲ ਤੇ ਸ਼ਹਾਨਾ ਦੀ ਐਕਟਿੰਗ ਵੀ ਫਿਲਮ ਨੂੰ ਬਚਾ ਨਹੀਂ ਸਕਦੀ।  ਫਿਲਮ ਉਹ ਜਜ਼ਬਾਤ ਪੈਦਾ ਨਹੀਂ ਕਰਦੀ ਜਿਸ ਦੀ ਤੁਸੀਂ ਉਮੀਦ ਕਰਦੇ ਹੋ।ਅਜਿਹਾ ਕੋਈ ਸੀਨ ਨਹੀਂ ਹੈ ਜੋ ਤੁਹਾਡੇ 'ਤੇ ਡੂੰਘਾ ਪ੍ਰਭਾਵ ਛੱਡੇ। ਕੁਝ ਅਜਿਹੇ ਸੀਨ ਆਉਂਦੇ ਹਨ, ਜਿਨ੍ਹਾਂ 'ਚ ਤੁਸੀਂ ਡਿਲੀਵਰੀ ਬੁਆਏਜ਼ ਦਾ ਦਰਦ ਮਹਿਸੂਸ ਕਰਦੇ ਹੋ, ਪਰ ਉਹ ਸੀਨ ਵੀ ਜ਼ਿਆਦਾ ਅਸਰ ਨਹੀਂ ਛੱਡਦੇ। ਫਿਲਮ ਦੀ ਸਮੱਸਿਆ ਫਿਲਮ ਦੇ ਸਕਰੀਨਪਲੇ ਦੀ ਹੈ। ਫਿਲਮ ਦੇ ਸਕ੍ਰੀਨਪਲੇ 'ਤੇ ਜ਼ਿਆਦਾ ਧਿਆਨ ਦਿੱਤਾ ਹੁੰਦਾ ਤਾਂ ਫਿਲਮ ਹੋਰ ਵਧੀਆ ਹੋ ਸਕਦੀ ਸੀ। ਜਿਵੇਂ ਕਈ ਵਾਰ ਡਿਲੀਵਰੀ ਬੁਆਏ ਕੁਰਾਹੇ ਪੈ ਜਾਂਦੇ ਹਨ ਅਤੇ ਗੇੜੇ ਮਾਰਦੇ ਰਹਿੰਦੇ ਹਨ, ਇਸੇ ਤਰ੍ਹਾਂ ਇਹ ਫਿਲਮ ਵੀ ਘੁੰਮਦੀ ਰਹਿੰਦੀ ਹੈ। ਕਦੇ ਕਿਤੇ-ਕਦੇ ਕਿਤੇ। ਬੱਸ ਤੁਸੀਂ ਦਿਮਾਗ਼ ਲਗਾਉਣ ਦੀ ਕੋਸ਼ਿਸ਼ ਕਰਦੇ ਰਹਿ ਜਾਂਦੇ ਹੋ ਤੇ ਫਿਲਮ ਖਤਮ ਹੋ ਜਾਂਦੀ ਹੈ। ਇਹ ਫ਼ਿਲਮ ਕਈ ਵਾਰ ਤੁਹਾਨੂੰ ਡਾਕੂਮੈਂਟਰੀ ਦਾ ਅਹਿਸਾਸ ਕਰਵਾਉਂਦੀ ਹੈ ਅਤੇ ਤੁਸੀਂ ਬੋਰ ਹੋ ਜਾਂਦੇ ਹੋ।
 
ਡਾਇਰੈਕਸ਼ਨ
ਇਸ ਵਾਰ ਨੰਦਿਤਾ ਦਾਸ ਦਾ ਨਿਰਦੇਸ਼ਨ ਕਾਬਿਲੇ ਤਾਰੀਫ ਨਹੀਂ ਹੈ। ਉਹ ਅਜਿਹੇ ਵਿਸ਼ੇ ਦੀਆਂ ਜੜਾਂ ਨਾਲ ਜੁੜਨ 'ਚ ਕਾਮਯਾਬ ਨਹੀਂ ਹੋ ਸਕੀ। ਉਨ੍ਹਾਂ ਨੂੰ ਫਿਲਮ ਦੇ ਸਕ੍ਰੀਨਪਲੇ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਸੀ। ਚੰਗੀ ਅਦਾਕਾਰੀ ਦੇ ਬਾਵਜੂਦ ਇਹ ਫਿਲਮ ਤੁਹਾਨੂੰ ਬੋਰ ਕਰਦੀ ਹੈ। ਸਾਡੇ ਵੱਲੋਂ ਇਸ ਫਿਲਮ ਨੂੰ 2 ਸਟਾਰ।