ਨਵੀਂ ਦਿੱਲ਼ੀ: ਆਈਏਆਰਆਈ ਦੇ ਡਾਇਰੈਕਟਰ ਡਾ. ਏ.ਕੇ. ਸਿੰਘ ਨੇ ਦੱਸਿਆ ਕਿ ਦੇਸ਼ ਵਿੱਚ ਕੁੱਲ ਉਤਪਾਦਨ ਦੇ 30 ਤੋਂ 40 ਫ਼ੀਸਦੀ ਤੱਕ ਫਲਾਂ ਤੇ ਸਬਜ਼ੀਆਂ ਦੀ ਬਰਬਾਦੀ ਹੁੰਦੀ ਹੈ; ਜਦਕਿ ਕੁੱਲ ਉਤਪਾਦਨ ਦਾ 10 ਫ਼ੀਸਦੀ ਅਨਾਜ ਖ਼ਰਾਬ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇ ਫਲਾਂ, ਸਬਜ਼ੀਆਂ ਤੇ ਅਨਾਜ ਨੂੰ ਸਹੀ ਤਰੀਕੇ ਸੰਭਾਲਿਆ ਜਾਵੇ, ਤਾਂ ਇਹ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਹਾਸਲ ਕਰਨ ਵਿੱਚ ਸਹਾਇਕ ਹੋਵੇਗਾ।

 

ਆਈਏਆਰਆਈ ਵੱਲੋਂ ਵਿਕਸਤ ‘ਪੂਸਾ ਫ਼ਾਰਮ ਸਨ ਫ਼੍ਰਿੱਜ’ ਆਨ ਫ਼ਾਰਮ ਸਟੋਰੇਜ ਲਈ ਕਾਫ਼ੀ ਕਾਰਗਰ ਸਿੱਧ ਹੋਵੇਗਾ। ਡਾ. ਸਿੰਘ ਨੇ ਦੱਸਿਆ ਕਿ ਇਸ ਵਿੱਚ ਦੋ ਟਨ ਤੱਕ ਹਰੀਆਂ ਸਬਜ਼ੀਆਂ, ਤਾਜ਼ੇ ਫਲ ਤੇ ਫੁੱਲਾਂ ਨੂੰ ਸਟੋਰ ਕੀਤਾ ਜਾ ਸਕਦਾ ਹੈ ਤੇ ਇਹ ਪੂਰੀ ਤਰ੍ਹਾਂ ਸੋਲਰ ਊਰਜਾ ਨਾਲ ਚੱਲਦਾ ਹੈ। ਉਨ੍ਹਾਂ ਕਿਹਾ ਕਿ ਦਿਨ ਵੇਲੇ ਸੂਰਜੀ ਊਰਜਾ ਨਾਲ ਏਸੀ ਚੱਲਦਾ ਹੈ ਤੇ ਰਾਤ ਵੇਲੇ ਉਸ ਵਿੱਚ ਮੌਜੂਦ ਠੰਢਾ ਪਾਣੀ ਇੱਕ ਨਵੀਂ ਤਕਨੀਕ ਰਾਹੀਂ ਇਸ ਦੀ ਛੱਤ ਉੱਤੇ ਸਰਕੂਲੇਟ ਕੀਤਾ ਜਾ ਸਕਦਾ ਹੈ; ਜਿਸ ਨਾਲ ਤਾਪਮਾਨ ਚਾਰ ਤੋਂ 12 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿੰਦਾ ਹੈ; ਜਿਸ ਨਾਲ ਫਲ ਤੇ ਸਬਜ਼ੀਆਂ ਦਾ ਭੰਡਾਰ ਸੁਰੱਖਿਅਤ ਤਰੀਕੇ ਕੀਤਾ ਜਾਂਦਾ ਹੈ।

 

ਡਾ. ਸਿੰਘ ਨੇ ਦੱਸਿਆ ਕਿ ‘ਪੂਸਾ ਫ਼ਾਰਮ ਸਨ ਫ਼੍ਰਿੱਜ’ ਨੂੰ ਇੱਕ ਥਾਂ ਤੋਂ ਦੂਜੀ ਥਾਂ ਆਸਾਨੀ ਨਾਲ ਲਿਜਾਂਦਾ ਜਾ ਸਕਦਾ ਹੈ। ਕਿਸਾਨਾਂ ਲਈ ਇਹ ਬਹੁਤ ਉਪਯੋਗੀ ਸਿੱਧ ਹੋਵੇਗਾ। ਇੱਕ ਫ਼੍ਰਿੱਜ ਬਣਾਉਣ ਦੀ ਲਾਗਤ ਪੰਜ ਤੋਂ ਸੱਤ ਲੱਖ ਰੁਪਏ ਆਈ ਹੈ। ਉਨ੍ਹਾਂ ਕਿਹਾ ਕਿ ਬਰਾਮਦ ਦੇ ਮਕਸਦ ਨਾਲ ਰੰਗੀਨ ਛਿਲਕੇ ਤੇ ਘੱਟ ਮਿਠਾਸ ਵਾਲੇ ਅੰਬ ਦੀਆਂ ਨਵੀਂਆਂ ਕਿਸਮਾਂ ਮਨੋਹਰੀ ਤੇ ਪੂਸਾ ਦੀਪਸ਼ਿਖਾ ਦੁਆਰਾ ਵਿਕਸਤ ਕੀਤੀਆਂ ਗਈਆਂ ਹਨ; ਜਿਨ੍ਹਾਂ ਨੂੰ ਲੰਮੇ ਸਮੇਂ ਤੱਕ ਭੰਡਾਰ ਕੀਤਾ ਜਾ ਸਕਦਾ ਹੈ।