ਲੁਧਿਆਣਾ: ਪੰਜਾਬ ਦੇ ਕਿਸਾਨ ਜਿਥੇ ਅੱਜ ਦਿੱਲੀ ਨੂੰ ਘੇਰਨ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ ਉਥੇ ਹੀ ਪੰਜਾਬ ਭਰ ਦੀਆਂ ਮਜ਼ਦੂਰ ਯੂਨੀਅਨ ਲਗਾਤਾਰ ਮੋਦੀ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ। ਅੱਜ ਲੁਧਿਆਣਾ ਦੇ ਵਿੱਚ ਮਜ਼ਦੂਰ ਯੂਨੀਅਨਾਂ ਵੱਲੋਂ ਇਕਜੁੱਟ ਹੋ ਕੇ ਭਾਰਤ ਨਗਰ ਚੌਂਕ 'ਚ ਜਾਮ ਲਾਇਆ ਗਿਆ ਅਤੇ ਮੋਦੀ ਦੀ ਭਾਜਪਾ ਸਰਕਾਰ ਨੂੰ ਹਟਾਉਣ ਦੀ ਮੰਗ ਕੀਤੀ ਗਈ।




ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਅੱਜ ਮਜ਼ਦੂਰ ਵਰਗ, ਕਿਸਾਨ ਵਰਗ, ਇਥੋਂ ਤਕ ਕਿ ਸਰਕਾਰੀ ਮੁਲਾਜ਼ਮ ਵੀ ਸੜਕਾਂ 'ਤੇ ਆਪਣੇ ਹੱਕਾਂ ਲਈ ਲੜਾਈ ਲੜ ਰਹੇ ਹਨ। ਲੁਧਿਆਣਾ ਟਰੇਡ ਯੂਨੀਅਨ ਦੇ ਪ੍ਰਧਾਨ ਨਰੇਸ਼ ਗੌੜ ਅਤੇ ਟਰੇਡ ਯੂਨੀਅਨ ਦੇ ਪ੍ਰਧਾਨ ਸਵਰਨ ਸਿੰਘ ਨੇ ਕਿਹਾ ਕਿ ਅੱਜ ਦੇਸ਼ ਦਾ ਹਰ ਵਰਗ ਸੜਕਾਂ 'ਤੇ ਹੈ। ਅੱਜ ਦੇਸ਼ ਭਰ ਦੇ ਲਗਭਗ 50 ਕਰੋੜ ਲੋਕ ਅਸਿੱਧੇ ਤੌਰ 'ਤੇ ਮੋਦੀ ਦੀ ਸਰਕਾਰ ਦਾ ਵਿਰੋਧ ਕਰ ਰਹੇ ਹਨ।




ਕਿਉਂਕਿ ਉਨ੍ਹਾਂ ਦੀਆਂ ਕਿਸਾਨ ਮਾਰੂ ਨੀਤੀਆਂ, ਮਜ਼ਦੂਰ ਮਾਰੂ ਨੀਤੀਆਂ, ਮੁਲਾਜ਼ਮ ਮਾਰੂ ਨੀਤੀਆਂ ਕਰਕੇ ਹਰ ਵਰਗ ਪਰੇਸ਼ਾਨ ਹੈ ਅਤੇ ਆਪਣੇ ਹੱਕਾਂ ਲਈ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਭਰ ਦੀਆਂ 10 ਮੁੱਖ ਟਰੇਡ ਯੂਨੀਅਨਾਂ ਵੱਲੋਂ ਦੇਸ਼ ਭਰ 'ਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ  ਹਨ। ਖਾਸ ਕਰਕੇ ਪੰਜਾਬ ਦੇ ਕਿਸਾਨ ਵੀ ਅੱਜ ਆਪਣੀਆਂ ਹੱਕੀ ਮੰਗਾ ਲਈ ਦਿੱਲੀ ਜਾ ਰਹੇ ਹਨ .ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਦੇ ਬਾਡਰ ਤੇ ਜੋ ਕੁਝ ਕਿਸਾਨਾਂ ਨਾਲ ਕੀਤਾ ਗਿਆ ਉਹ ਬੇਹੱਦ ਮੰਦਭਾਗੀ ਗੱਲ ਹੈ।