ਜੈਪੁਰ: ਰਾਜਸਥਾਨ ਦੇ ਚਿਤੌੜਗੜ੍ਹ ‘ਚ ਉਪ ਮੰਡਲ ਅਧਿਕਾਰੀ ਦੇ ਅਹੁਦੇ ‘ਤੇ ਕੰਮ ਕਰ ਰਹੀ ਆਈਏਐਸ ਅਧਿਕਾਰੀ ਦਾ ਤਬਾਦਲਾ ਚਰਚਾ ਦਾ ਮੁੱਦਾ ਬਣ ਗਿਆ ਹੈ। ਇਸ ਆਈਏਐਸ ਅਧਿਕਾਰੀ ਨੇ ਲੌਕਡਾਊਨ ਦੀ ਉਲੰਘਣਾ ਕਰਨ ਵਾਲੇ ਇੱਕ ਕਾਂਗਰਸੀ ਵਿਧਾਇਕ ਦੇ ਵਰਕਰ ਦੀ ਕਾਰ ਦਾ ਚਲਾਨ ਕੱਟ ਦਿੱਤਾ ਸੀ। ਵਿਧਾਇਕ ਖ਼ੁਦ ਉਸ ਕਾਰ ‘ਚ ਬੈਠਾ ਸੀ।

ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸਰਕਾਰ ਦੀ ਇਸ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੱਤਾ ਹੈ, ਜਦੋਂਕਿ ਰਾਜਸਥਾਨ ਦੇ ਭਾਜਪਾ ਪ੍ਰਧਾਨ ਸਤੀਸ਼ ਪੂਨੀਆ ਦਾ ਕਹਿਣਾ ਹੈ ਕਿ ਸਰਕਾਰ ਚੰਗੇ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ।

ਦਰਅਸਲ ਉਪ ਮੰਡਲ ਅਧਿਕਾਰੀ ਦੇ ਅਹੁਦੇ ‘ਤੇ ਕੰਮ ਕਰ ਰਹੀ ਆਈਏਐਸ ਅਧਿਕਾਰੀ ਤੇਜਸਵੀ ਰਾਣਾ ਨੇ ਬੈਗੂੰ ਦੇ ਵਿਧਾਇਕ ਰਾਜਿੰਦਰ ਸਿੰਘ ਵਿਧੂੜੀ ਦੇ ਵਰਕਰ ਦੀ ਕਾਰ ਦਾ ਚਲਾਨ ਕੱਟ ਦਿੱਤਾ। ਇਸ ਤੋਂ ਅਗਲ ਦਿਨ ਹੀ ਤੇਜਸਵੀ ਦਾ ਤਬਾਦਲਾ ਕਰ ਦਿੱਤਾ ਗਿਆ।

ਰਾਜਸਥਾਨ ਸਰਕਾਰ ਦੇ ਕੰਮਕਾਜ ‘ਤੇ ਸਵਾਲ ਉਠਾਉਂਦੇ ਹੋਏ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਰਾਜ ‘ਚ ਕੋਰੋਨਾਵਾਇਰਸ ਨਾਲ ਲੜਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ, ਪਰ ਚਿਤੌੜਗੜ੍ਹ ‘ਚ ਸਖਤੀ ਨਾਲ ਲਕੌਡਾਊਨ ਦੀ ਪਾਲਣਾ ਕਰ ਰਹੀ ਕੋਰੋਨਾ ਯੋਧਾ ਮਹਿਲਾ ਅਧਿਕਾਰੀ ਦਾ ਸਿਆਸੀ ਕਾਰਨਾਂ ਕਰਕੇ ਤਬਾਦਲਾ ਮੰਦਭਾਗਾ ਹੈ।

ਸ਼ੇਖਾਵਤ ਨੇ ਕਿਹਾ ਕਿ ਰਾਜਸਥਾਨ ਸਰਕਾਰ ਇਸ ਦਾ ਕੋਈ ਕਾਰਨ ਦੱਸ ਸਕਦੀ ਹੈ, ਪਰ ਮਹਿਲਾ ਅਧਿਕਾਰੀ ਦਾ ਤਬਾਦਲਾ ਘਟਨਾ ਦੇ ਦੂਜੇ ਦਿਨ ਹੋਇਆ। ਇਹ ਰਾਜ ਸਰਕਾਰ ਦੀ ਮਾਨਸਿਕਤਾ ਦਾ ਖੁਲਾਸਾ ਕਰਦੀ ਹੈ।