ਚੰਡੀਗੜ੍ਹ: ਕੋਰੋਨਾ ਵਾਇਰਸ ਬਾਰੇ ਇਹ ਗੱਲ ਆਮ ਹੀ ਉੱਡੀ ਹੋਈ ਹੈ ਕਿ ਇਹ ਤਾਂ ਗਰਮੀ ਦੇ ਵਧਣ ਨਾਲ ਮਰ ਜਾਵੇਗਾ, ਪਰ ਅਜਿਹਾ ਨਹੀਂ। ਭਾਰਤੀ ਮੈਡੀਕਲ ਖੋਜ ਕੌਂਸਲ (ICMR) ਮੁਤਾਬਕ ਵਧਦੇ ਤਾਪਮਾਨ ਦਾ ਕੋਰੋਨਾ ਵਾਇਰਸ ਉੱਪਰ ਕੋਈ ਪ੍ਰਭਾਵ ਨਹੀਂ ਪੈਂਦਾ।


ICMR ਦੇ ਵਿਗਿਆਨੀ ਰਮਨ ਗੰਗਾਖੇਡਕਰ ਨੇ ਸਾਫ ਕਰ ਦਿੱਤਾ ਹੈ ਕਿ ਤਾਪਮਾਨ ਵਧਣ ਨਾਲ ਕੋਰੋਨਾ ਵਾਇਰਸ ਦੇ ਖ਼ਤਮ ਹੋਣ ਦਾ ਪ੍ਰਮਾਣ ਪੂਰੀ ਦੁਨੀਆ ਵਿੱਚੋਂ ਕਿਧਰੋਂ ਵੀ ਨਹੀਂ ਮਿਲਿਆ ਹੈ। ਉਨ੍ਹਾਂ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਉਨ੍ਹਾਂ ਕੋਲ ਇਸ ਬਾਰੇ ਜਾਣਕਾਰੀ ਜ਼ਰੂਰ ਹੁੰਦੀ।

ਰਮਨ ਦੇ ਅਜਿਹਾ ਕਹਿਣ ਨਾਲ ਇੱਕ ਗੱਲ ਤਾਂ ਸਾਫ ਹੈ ਕਿ ਜੋ ਲੋਕ ਵਾਇਰਸ ਦੇ ਖ਼ਾਤਮੇ ਲਈ ਤਾਪਮਾਨ ਦੇ ਵਧਣ ਦਾ ਇੰਤਜ਼ਾਰ ਕਰ ਰਹੇ ਸੀ, ਉਹ ਆਪਣੇ ਮਨਾਂ 'ਚੋਂ ਇਹ ਗੱਲ ਕੱਢ ਦੇਣ ਕਿਉਂਕਿ ਫਿਲਹਾਲ ਅਜਿਹਾ ਕੁਝ ਵੀ ਨਹੀਂ ਹੋਣ ਵਾਲਾ ਹੈ।

ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਵਿੱਚ ਇਹ ਵਾਇਰਸ ਵੱਖ-ਵੱਖ ਤਾਪਮਾਨ 'ਤੇ ਆਪਣਾ ਪਸਾਰ ਕਰ ਰਿਹਾ ਹੈ। ਅਮਰੀਕਾ ਤੇ ਦੱਖਣੀ ਅਮਰੀਕਾ ਵਿੱਚ ਤਾਪਮਾਨ 2 ਤੋਂ 20 ਡਿਗਰੀ ਸੈਂਟੀਗ੍ਰੇਡ ਹੈ। ਯੂਰਪ ਵਿੱਚ ਤਾਪਮਾਨ 8-15, ਆਸਟ੍ਰੇਲੀਆ ਵਿੱਚ 25-27 ਤੇ ਏਸ਼ੀਆ ਵਿੱਚ ਤਾਪਮਾਨ 20-35 ਡਿਗਰੀ ਸੈਲਸੀਅਸ ਹੈ ਪਰ ਇੱਥੇ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਘਟਣ ਦਾ ਨਾਂ ਨਹੀਂ ਲੈ ਰਹੀ। ਅਜਿਹੇ ਵਿੱਚ ਸਾਫ ਹੈ ਕਿ ਕੋਰੋਨਾ ਤੋਂ ਬਚਾਅ ਲਈ ਬੇਹੱਦ ਸਾਵਧਾਨ ਰਹੋ ਤੇ ਗਰਮੀਆਂ ਦੀ ਆਮਦ 'ਤੇ ਵੀ ਸਾਵਧਾਨੀ ਵਰਤਣੀ ਨਾ ਛੱਡੋ।