Agriculture News: ਕੇਂਦਰ ਸਰਕਾਰ ਨੇ ਸਾਉਣੀ ਦੇ ਸੀਜ਼ਨ ਵਿੱਚ ਖਾਦਾਂ ਉਪਰ 38000 ਕਰੋੜ ਰੁਪਏ ਦੀ ਸਬਸਿਡੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਫੈਸਲੇ ਉੱਪਰ ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਨੇ ਮੋਹਰ ਲਾਈ ਹੈ। ਕੈਬਨਿਟ ਨੇ ਫਾਸਫੇਟਿਕ ਤੇ ਪੋਟਾਸਿਕ (ਪੀ ਐਂਡ ਕੇ) ਖਾਦਾਂ ’ਤੇ 38000 ਕਰੋੜ ਰੁਪਏ ਦੀ ਸਬਸਿਡੀ ਮਨਜ਼ੂਰ ਕੀਤੀ ਹੈ। ਇਸ ਨਾਲ ਸਾਉਣੀ ਦੇ ਮੌਜੂਦਾ ਸੀਜ਼ਨ ਵਿੱਚ ਕਿਸਾਨਾਂ ਨੂੰ ਕਿਫਾਇਤੀ ਦਰਾਂ ’ਤੇ ਮਿੱਟੀ ਦੇ ਤੱਤਾਂ ਦੀ ਉਪਲਬਧਤਾ ਯਕੀਨੀ ਬਣਾਉਣ ਵਾਸਤੇ ਦਿੱਤੀ ਜਾਣ ਵਾਲੀ ਕੁੱਲ ਖਾਦ ਸਬਸਿਡੀ 1.08 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ।
ਖਾਦ ਮੰਤਰੀ ਮਨਸੁੱਖ ਮਾਂਡਵੀਆ ਨੇ ਦੱਸਿਆ ਕਿ ਇਸ ਕੁੱਲ ਰਾਸ਼ੀ ਵਿੱਚ ਉਹ 70,000 ਕਰੋੜ ਰੁਪਏ ਵੀ ਸ਼ਾਮਲ ਹਨ ਜੋ 2023-24 ਦੇ ਕੇਂਦਰੀ ਬਜਟ ਵਿੱਚ ਯੂਰੀਆ ’ਤੇ ਸਬਸਿਡੀ ਲਈ ਰੱਖੇ ਗਏ ਸਨ। 38,000 ਕਰੋੜ ਰੁਪਏ ਦੀ ਸਬਸਿਡੀ ਦਾ ਐਲਾਨ ਕਰਦੇ ਹੋਏ ਸਰਕਾਰ ਨੇ ਕਿਹਾ ਕਿ ਖਾਦਾਂ ਦੇ ਵੱਧ ਤੋਂ ਵੱਧ ਵਿਕਰੀ ਮੁੱਲ (ਐਮਆਰਪੀ) ਵਿੱਚ ਕੋਈ ਬਦਲਾਅ ਨਹੀਂ ਆਵੇਗਾ।
ਦੱਸ ਦਈਏ ਕਿ ਸਾਉਣੀ ਦਾ ਸੀਜ਼ਨ ਅਪਰੈਲ ਤੋਂ ਸਤੰਬਰ ਤੱਕ ਹੁੰਦਾ ਹੈ। ਸਾਉਣੀ ਦੇ ਮੌਜੂਦਾ ਸੀਜ਼ਨ ਦੌਰਾਨ ਸਰਕਾਰ ’ਤੇ ਪੈਣ ਵਾਲਾ ਪੀ ਐਂਡ ਕੇ ਖਾਦਾਂ ਦੀ ਸਬਸਿਡੀ ਦਾ ਭਾਰ ਇਸ ਵਾਸਤੇ ਘੱਟ ਗਿਆ ਹੈ ਕਿਉਂਕਿ ਪਿਛਲੇ ਕੁਝ ਮਹੀਨਿਆਂ ’ਚ ਆਲਮੀ ਪੱਧਰ ’ਤੇ ਕੀਮਤਾਂ ਘਟੀਆਂ ਹਨ। ਸਮੁੱਚੇ 2023-24 ਵਿੱਤੀ ਵਰ੍ਹੇ ਲਈ ਖਾਦਾਂ ਦਾ ਬਿੱਲ 2.25 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਸੀ।
ਕੇਂਦਰੀ ਮੰਤਰੀ ਮਾਂਡਵੀਆ ਨੇ ਕਿਹਾ ਕਿ ਕੇਂਦਰੀ ਕੈਬਨਿਟ ਨੇ 2023-24 ਦੇ ਸਾਉਣੀ ਦੇ ਸੀਜ਼ਨ ਲਈ ਪੀ ਐਂਡ ਕੇ ਖਾਦਾਂ ਵਾਸਤੇ ਤੱਤ ਆਧਾਰਤ ਸਬਸਿਡੀ ਰੇਟ ਮਨਜ਼ੂਰ ਕੀਤੇ ਹਨ। ਮੰਤਰੀ ਮੰਡਲ ਨੇ ਨਾਈਟਰੋਜਨ (ਐਨ) ਲਈ 76 ਰੁਪਏ ਪ੍ਰਤੀ ਕਿਲੋ ਸਬਸਿਡੀ, ਫਾਸਫੋਰਸ (ਪੀ) ਵਾਸਤੇ 41 ਰੁਪਏ ਪ੍ਰਤੀ ਕਿੱਲੋ, ਪੋਟਾਸ਼ (ਕੇ) ਵਾਸਤੇ 15 ਰੁਪਏ ਪ੍ਰਤੀ ਕਿੱਲੋ ਅਤੇ ਸਲਫਰ (ਐਫ) ਲਈ 2.8 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਹੈ। ਮੰਤਰੀ ਮੁਤਾਬਕ ਪਿਛਲੇ ਤਿੰਨ ਮਹੀਨਿਆਂ ’ਚ ਆਲਮੀ ਪੱਧਰ ’ਤੇ ਐਨਪੀਕੇ ਦੀਆਂ ਕੀਮਤਾਂ ਹੇਠਾਂ ਆਉਣ ਕਾਰਨ ਸਬਸਿਡੀ ਘਟੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।