ਧੂਰੀ: ਜ਼ਿਲ੍ਹਾ ਸੰਗਰੂਰ ਦੇ ਪਿੰਡ ਕੌਲਸੇੜੀ ਵਿੱਚ ਇੱਕ ਕਿਸਾਨ ਨਾਲ ਸਰਕਾਰ ਨੇ ਕੋਝਾ ਮਜ਼ਾਕ ਕੀਤਾ ਹੈ। ਕਰਜ਼ਾ ਮੁਆਫੀ ਸੂਚੀ ਵਿੱਚ ਕਿਸਾਨ ਦਾ ਸਿਰਫ 5 ਰੁਪਏ ਦਾ ਕਰਜ਼ ਮੁਆਫ਼ ਹੋਇਆ ਹੈ, ਜਦਕਿ ਉਸ ਦਾ ਕੁੱਲ ਕਰਜ਼ 65,000 ਰੁਪਏ ਹੈ। ਹਾਲਾਂਕਿ, ਇਸ ਬਾਰੇ ਸਹਿਕਾਰੀ ਸਭਾ ਦੇ ਸਕੱਤਰ ਨੇ 5 ਰੁਪਏ ਦੀ ਕਰਜ਼ ਮੁਆਫੀ ਪਿੱਛੇ ਤਕਨੀਕੀ ਕਾਰਨ ਸਮਝਾਉਂਦਿਆਂ ਇਸ ਨੂੰ ਸਹੀ ਕਰਾਰ ਦੇ ਦਿੱਤਾ।



ਪਿੰਡ ਕੌਲਸੇੜੀ ਦਾ ਕਿਸਾਨ ਜਸਵੀਰ ਸਿੰਘ ਕੁੱਲ 5 ਬਿੱਘੇ ਜ਼ਮੀਨ ਦਾ ਮਾਲਕ ਹੈ। ਕਿਸਾਨਦੇ ਸਿਰ ਤਕਰੀਬਨ 65,000 ਰੁਪਏ ਦਾ ਕਰਜ਼ ਹੈ। ਕਿਸਾਨ ਦੇ ਪਿਤਾ ਬਲਵੀਰ ਸਿੰਘ ਨੇ ਸਰਕਾਰ ਵਿਰੁੱਧ ਆਪਣੀ ਭੜਾਸ ਕੱਢਦਿਆਂ ਕਿਹਾ ਕਿ 5 ਰੁਪਏ ਕਰਜ਼ ਮੁਆਫ ਕਰਕੇ ਸਰਕਾਰ ਨੇ ਉਨ੍ਹਾਂ ਨਾਲ ਭੱਦਾ ਮਜ਼ਾਕ ਕੀਤਾ ਹੈ।

ਪਿੰਡ ਦੇ ਸਰਪੰਚ ਧਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਜ਼ਿਆਦਾਤਰ ਕਿਸਾਨਾਂ ਕੋਲ ਥੋੜ੍ਹੀ ਹੀ ਜ਼ਮੀਨ ਹੈ ਪਰ ਪੂਰੇ ਪਿੰਡ ਦੇ ਸਿਰਫ 21 ਲੋਕਾਂ ਦੇ ਨਾਂ ਕਰਜ਼ ਮੁਆਫੀ ਵਿੱਚ ਸ਼ਾਮਲ ਕੀਤੇ ਗਏ ਹਨ। ਪਿੰਡ ਦੇ ਕਿਸਾਨ ਨੇ ਕਿਹਾ ਕਿ ਸਰਕਾਰ ਨੇ ਢਾਈ ਏਕੜ ਜ਼ਮੀਨ ਤੋਂ ਘੱਟ ਦੇ ਮਾਲਕ ਕਿਸਾਨਾਂ ਦਾ 2 ਲੱਖ ਰੁਪਏ ਤਕ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਸੀ। ਉਸ ਸਿਰ 67 ਹਜ਼ਾਰ ਰੁਪਏ ਦਾ ਕਰਜ਼ ਹੈ ਪਰ ਫਿਰ ਵੀ ਉਸ ਦਾ ਨਾਂ ਕਰਜ਼ ਮੁਆਫੀ ਵਿੱਚ ਨਹੀਂ ਆਇਆ।



ਇਸ ਬਾਰੇ ਜਦੋਂ ਪਿੰਡ ਦੀ ਸਹਿਕਾਰੀ ਸਭਾ ਦੇ ਸਕੱਤਰ ਸੇਵਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਸਵੀਰ ਸਿੰਘ ਸਿਰ ਜੋ ਕਰਜ਼ ਹੈ, ਉਹ ਉਸ ਨੇ 31 ਮਾਰਚ, 2017 ਤੋਂ ਬਾਅਦ ਲਿਆ ਸੀ ਤੇ ਜੋ ਰਾਸ਼ੀ ਮੁਆਫ ਕੀਤੀ ਗਈ ਹੈ ਉਹ ਸਰਕਾਰ ਵੱਲੋਂ ਕੀਤਾ ਜਾਂਦਾ 5 ਰੁਪਏ ਦਾ ਇੱਕ ਬੀਮਾ ਹੈ। ਉਨ੍ਹਾਂ ਦੱਸਿਆ ਕਿ ਸਭਾ ਵੱਲੋਂ ਸਰਕਾਰ ਨੂੰ ਦੋ ਪਿੰਡਾਂ ਦੇ 500 ਕਿਸਾਨਾਂ ਦੀ ਸੂਚੀ ਭੇਜੀ ਗਈ ਸੀ ਪਰ ਕੌਲਸੇੜੀ ਦੇ ਸਿਰਫ 21 ਕਿਸਾਨਾਂ ਦੇ ਨਾਂ ਹੀ ਕਰਜ਼ ਮੁਆਫੀ ਦੀ ਸੂਚੀ ਵਿੱਚ ਆਏ ਹਨ।



ਇਸ ਬਾਰੇ ਧੂਰੀ ਦੇ ਐਸ.ਡੀ.ਐਮ. ਅਮਰ ਈਸ਼ਵਰ ਦਾ ਕਹਿਣਾ ਹੈ ਕਿ ਪਹਿਲੀ ਸੂਚੀ ਵਿੱਚ ਜੋ ਕਮੀਆਂ ਸਨ, ਉਨ੍ਹਾਂ ਬਾਰੇ ਇਤਰਾਜ਼ ਮੰਗੇ ਗਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦਾ ਨਾਂ ਇਸ ਸੂਚੀ ਵਿੱਚ ਨਹੀਂ ਆਇਆ ਤਾਂ ਉਹ ਦੂਜੀ ਸੂਚੀ ਦਾ ਇੰਤਜ਼ਾਰ ਕਰੇ। ਇਸ 'ਤੇ ਜਸਵੀਰ ਸਿੰਘ ਦੀ ਮਾਂ ਸ਼ਮਸ਼ੇਰ ਕੌਰ ਦਾ ਕਹਿਣਾ ਹੈ ਕਿ ਸਾਨੂੰ ਦੂਜੀ ਸੂਚੀ ਦਾ ਇੰਤਜ਼ਾਰ ਕਰਨ ਨੂੰ ਕਿਹਾ ਜਾ ਰਿਹਾ ਹੈ, ਪਰ ਸਰਕਾਰ ਮੁਤਾਬਕ ਤਾਂ ਸਾਡਾ ਕਰਜ਼ ਪਹਿਲਾਂ ਹੀ ਮਾਫ ਹੋ ਚੁੱਕਾ ਹੈ ਤਾਂ ਦੂਜੀ ਸੂਚੀ ਵਿੱਚ ਨਾਂ ਕਿਸ ਤਰ੍ਹਾਂ ਆਵੇਗਾ।

ਇਹ ਕੋਈ ਪਹਿਲੀ ਵਾਰ ਨਹੀਂ ਕਿ ਸਰਕਾਰ ਨੇ ਅੰਨਦਾਤੇ ਨਾਲ ਅਜਿਹਾ ਮਜ਼ਾਕ ਕੀਤਾ ਹੋਵੇ। ਇਸ ਤੋਂ ਪਹਿਲਾਂ ਨਾਭਾ ਦੇ ਇੱਕ ਕਿਸਾਨ ਦਾ 7 ਰੁਪਏ ਦਾ ਕਰਜ਼ ਮੁਆਫ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ। ਇਨ੍ਹਾਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਕੋਈ ਠੋਸ ਮਾਪਦੰਡ ਨਹੀਂ ਅਪਣਾਇਆ ਹੈ।