ਪੜਚੋਲ ਕਰੋ
ਕੈਪਟਨ ਸਰਕਾਰ ਦੇ ਲਾਰਿਆਂ ਦਾ ਸ਼ਰਮਨਾਕ ਸੱਚ! 80 ਅੰਨਦਾਤੇ ਫੌਤ

ਫਾਜ਼ਿਲਕਾ: ਪੰਜਾਬ ਵਿੱਚ ਕਿਸਾਨੀ ਸਮੱਸਿਆਵਾਂ ਨੂੰ ਚੋਣ ਮੁੱਦੇ ਬਣਾ ਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੂੰ ਇਹ ਖਬਰ ਜ਼ਰੂਰ ਝੰਜੋੜੇਗੀ। ਕਾਪਟਨ ਸਰਕਾਰ ਦੇ 7 ਮਹੀਨਿਆਂ ਦੇ ਕਾਰਜਕਾਲ ਵਿੱਚ ਤਕਰੀਬਨ 80 ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ ਹੈ। ਇਹ ਦਾਅਵਾ ਇੱਕ ਗ਼ੈਰ ਸਰਕਾਰੀ ਸੰਸਥਾ ਦੇ ਰਿਪੋਰਟ ਵਿੱਚ ਹੋਇਆ ਹੈ। ਸਰਕਾਰ ਬਣੇ ਨੂੰ ਹਾਲੇ ਇੱਕ ਸਾਲ ਵੀ ਨਹੀਂ ਹੋਇਆ ਤੇ 80 ਕਿਸਾਨਾਂ ਦਾ ਖ਼ੁਦਕੁਸ਼ੀ ਕਰ ਜਾਣਾ ਆਪਣੇ ਆਪ ਵਿੱਚ ਹੀ ਇੱਕ ਵੱਡਾ ਸਵਾਲ ਹੈ। ਏ.ਬੀ.ਪੀ. ਸਾਂਝਾ ਦੀ ਟੀਮ ਨੇ ਕਿਸਾਨਾਂ ਕੋਲ ਪਹੁੰਚ ਕੇ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਦੀ ਨਾਅਹਿਲੀਅਤ 'ਤੇ ਵੱਡੇ ਸਵਾਲ ਖੜ੍ਹੇ ਹੋਏ ਹਨ। ਪੰਜਾਬ ਦਾ ਮਾਲਵਾ ਇਲਾਕਾ ਨਰਮਾ ਪੱਟੀ ਵਜੋਂ ਮਸ਼ਹੂਰ ਹੈ। ਇੱਥੋਂ ਦੇ ਨਰਮਾ ਉਤਪਾਦਕ ਕਿਸਾਨ ਬੀਤੇ 2-3 ਸਾਲਾਂ ਤੋਂ ਆਪਣੀ ਫ਼ਸਲ ਨੂੰ ਲਗਾਤਾਰ ਬਰਬਾਦ ਹੁੰਦਿਆਂ ਵੇਖ ਰਹੇ ਹਨ। ਨਰਮੇ ਦੀ ਫ਼ਸਲ ਕਈ ਕਾਰਨਾਂ ਕਰਕੇ ਖ਼ਰਾਬ ਹੋ ਰਹੀ ਹੈ। ਸਭ ਤੋਂ ਪਹਿਲਾ ਨਵੀਂ ਕਿਸਮ ਦੇ ਕੀਟ-ਪਤੰਗੇ ਫ਼ਸਲ ਨੂੰ ਬਰਬਾਦ ਕਰ ਰਹੇ ਹਨ। ਇਨ੍ਹਾਂ 'ਤੇ ਕੀਟਨਾਸ਼ਕ ਵੀ ਬੇਅਸਰ ਹਨ। ਦੂਜਾ ਮੁੱਖ ਕਾਰਨ ਪਿਛਲੇ ਕੁਝ ਸਾਲਾਂ ਤੋਂ ਚੱਲ ਰਹੇ ਨਕਲੀ ਬੀਜ ਤੇ ਕੀਟਨਾਸ਼ਕ ਦਾ ਹਾਲੇ ਤਕ ਖ਼ਾਤਮਾ ਨਾ ਹੋਣਾ। ਤੀਜਾ ਮੁੱਖ ਕਾਰਨ ਕਿਸਾਨਾਂ ਤਕ ਸਿੰਜਾਈ ਲਈ ਲੋੜੀਂਦਾ ਨਹਿਰੀ ਪਾਣੀ ਨਾ ਪਹੁੰਚਣਾ। ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਨਕਲੀ ਬੀਜ ਤੇ ਕੀਟਨਾਸ਼ਕਾਂ ਦੇ ਘਪਲੇ ਦਾ ਪਰਦਾਫਾਸ਼ ਹੋਇਆ ਸੀ, ਜਿਸ ਵਿੱਚ ਸਾਬਕਾ ਮੰਤਰੀ ਤੋਤਾ ਸਿੰਘ ਦਾ ਨਾਂ ਵੀ ਉੱਛਲਿਆ ਸੀ। ਉਹ ਮਾਮਲਾ ਵੀ ਲੋਕਾਂ ਦੇ ਹੋਰਾਂ ਮਾਮਲਿਆਂ ਵਾਂਗ ਤਾਂ ਠੰਢੇ ਬਸਤੇ ਪੈਣਾ ਹੀ ਸੀ, ਪਰ ਕਿਸਾਨਾਂ ਦੀ ਸਮੱਸਿਆ ਦਾ ਹੱਲ ਫੇਰ ਵੀ ਨਹੀਂ ਹੋਇਆ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਦੇ ਕਈ ਪਿੰਡਾਂ ਦੇ ਕਿਸਾਨ ਉਕਤ ਸਮੱਸਿਆਵਾਂ ਤੋਂ ਪੀੜਤ ਹਨ। ਉਨ੍ਹਾਂ ਤਕਰੀਬਨ 1200 ਏਕੜ ਵਿੱਚ ਲਾਈ ਨਰਮੇ ਦੀ ਫ਼ਸਲ ਨੂੰ ਵਾਹੁਣਾ ਸ਼ੁਰੂ ਕਰ ਦਿੱਤਾ ਹੈ। ਅਰਨੀਵਾਲਾ ਦੇ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਸਹੀ ਗੁਣਵੱਤਾ ਦੇ ਬੀਜ ਨਾ ਮਿਲਣ ਕਾਰਨ ਉਨ੍ਹਾਂ ਦੀ ਫ਼ਸਲ ਪਹਿਲਾਂ ਹੀ ਨਾਂ-ਮਾਤਰ ਹੋਈ ਹੈ ਤੇ ਉੱਤੋਂ ਸਿੰਜਾਈ ਲਈ ਨਹਿਰੀ ਪਾਣੀ ਵੀ ਨਹੀਂ ਮਿਲ ਰਿਹਾ। ਕਿਸਾਨਾਂ ਨੇ ਦੱਸਿਆ ਕਿ ਵੱਡੇ ਕਿਸਾਨ ਆਪਣੇ ਰਸੂਖ਼ ਦੀ ਵਰਤੋਂ ਕਰਕੇ ਨਹਿਰੀ ਪਾਣੀ ਦੀ ਚੋਰੀ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਪੈਦਾਵਾਰ ਨਿਗੂਣੀ ਹੋ ਗਈ ਹੈ। ਆਪਣੀ ਜ਼ਮੀਨ ਘੱਟ ਹੋਣ ਕਾਰਨ ਜ਼ਿਆਦਾਤਰ ਕਿਸਾਨ ਠੇਕੇ 'ਤੇ ਜ਼ਮੀਨ ਲੈਂਦੇ ਹਨ। ਫ਼ਸਲ ਖਰਾਬ ਹੋਣ ਕਾਰਨ ਕਿਸਾਨ ਠੇਕੇ 'ਤੇ ਲਈ ਜ਼ਮੀਨ ਦਾ ਕਿਰਾਇਆ ਅਦਾ ਕਰਨ ਤੋਂ ਅਸਮਰੱਥ ਹਨ। ਕਿਸਾਨਾਂ ਨੇ ਦੋਸ਼ ਲਾਇਆ ਕਿ ਨਾ ਹੀ ਕੋਈ ਅਧਿਕਾਰੀ ਤੇ ਨਾ ਸਰਕਾਰ ਉਨ੍ਹਾਂ ਦੀ ਸਾਰ ਲੈ ਰਹੀ ਹੈ ਤੇ ਖ਼ੁਦ ਨੂੰ ਕਰਜ਼ਈ ਹੁੰਦਾ ਵੇਖ ਕਿਸਾਨ ਅੰਤ ਮੌਤ ਵਾਲਾ ਰਾਹ ਚੁਣ ਲੈਂਦਾ ਹੈ। 'ਏ.ਬੀ.ਪੀ. ਸਾਂਝਾ' ਨੇ ਜਦੋਂ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਕੋਲ ਉਕਤ ਸਮੱਸਿਆ ਸਬੰਧੀ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਜਾਂਚ ਕਰਵਾਉਣ ਦੀ ਹੀ ਗੱਲ ਕੀਤੀ। ਡੀ.ਸੀ. ਈਸ਼ਾ ਕਾਲੀਆ ਨੇ ਇਹ ਮੰਨਿਆ ਕਿ ਕੁਝ ਥਾਵਾਂ 'ਤੇ ਚਿੱਟੀ ਮੱਖੀ ਦੇ ਹਮਲੇ ਦੀ ਜਾਣਕਾਰੀ ਮਿਲੀ ਹੈ ਪਰ ਸਾਡੀ ਰਿਪੋਰਟ ਕਹਿ ਰਹੀ ਹੈ ਕਿ ਫ਼ਸਲ ਚੰਗੀ ਹੋਈ ਹੈ। ਉਨ੍ਹਾਂ ਕਿਹਾ ਕਿ ਫ਼ਸਲ ਦੇ ਖ਼ਰਾਬ ਹੋਣ ਦੀ ਜਾਂਚ ਕਰਵਾਈ ਜਾਵੇਗੀ। ਸਰਕਾਰਾਂ ਦੇ ਵਾਅਦਿਆਂ ਤੇ ਲਾਰਿਆਂ 'ਚ ਆਮ ਕਿਸਾਨ ਰੁਲ਼ ਰਿਹਾ ਹੈ। ਛੋਟੀ ਦੇ ਨਿਮਨ ਕਿਸਾਨੀਂ ਲਈ ਸਰਕਾਰ ਦੀਆਂ ਕਥਿਤ ਕੋਸ਼ਿਸ਼ਾਂ ਉਨ੍ਹਾਂ ਲਈ ਨਾਕਾਫੀ ਹਨ। ਛੋਟੇ ਕਿਸਾਨ ਤੇ ਖੇਤ ਮਜ਼ਦੂਰ ਨਿੱਤ ਦਿਨ ਕਰਜ਼ੇ ਦੀ ਦਲਦਲ ਵਿੱਚ ਗਰਕ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਗੰਭੀਰ ਸਮੱਸਿਆ ਦੇ ਫੌਰੀ ਹੱਲ ਕੱਢੇ ਜਾਣ ਤਾਂ ਜੋ ਦੇਸ਼ ਦਾ ਅੰਨਦਾਤਾ ਜਿਉਂਦਾ ਰਹਿ ਸਕੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















