ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਨੇ ਦੁੱਧ ਦੀ ਪਰਖ ਕਰਨ ਦੀ ਕਿੱਟ ਤਿਆਰ ਕੀਤੀ ਹੈ। ਇਸਦੀ ਮਦਦ ਨਾਲ ਘਰੇਲੂ ਔਰਤਾਂ ਵੀ ਦੁੱਧ ਵਿੱਚ ਹੁੰਦੀ ਮਿਲਾਵਟ ਦੀ ਆਸਾਨੀ ਨਾਲ ਪਛਾਣ ਕਰ ਸਕਦੀਆਂ ਹਨ। ਇਹ ਕਿੱਟ ਗਡਵਾਸੂ ਦੇ ਵਿਗਿਆਨੀ ਡਾ. ਵੀਨਾ ਅਤੇ ਡਾ. ਨਿਤਿਕਾ ਗੋਇਲ ਨੇ ਤਿਆਰ ਕੀਤੀ ਹੈ। ਡਾ. ਵੀਨਾ ਅਤੇ ਡਾ. ਨਿਤਿਕਾ ਗੋਇਲ ਨੇ ਮਿਲਾਵਟੀ ਦੁੱਧ ਦੀ ਪਰਖ ਕਰਨ ਲਈ ਇਕ ‘ਕਿੱਟ’ ਤਿਆਰ ਕੀਤੀ ਹੈ, ਜਿਸ ਦੀ ਮਦਦ ਨਾਲ ਦੁੱਧ ਵਿੱਚ ਮਿਲਾਏ ਗਏ ਪਦਾਰਥ ਦੀ ਪੁਸ਼ਟੀ ਹੋ ਜਾਵੇਗੀ।


ਡਾ. ਵੀਨਾ ਨੇ ਆਖਿਆ ਕਿ ਭਾਵੇਂ ਪੰਜਾਬ ਵਿੱਚ ਦੁੱਧ ਦੀ ਪੈਦਾਵਾਰ ਬਹੁਤ ਜ਼ਿਆਦਾ ਹੈ ਪਰ ਫਿਰ ਵੀ ਲੋਕਾਂ ਨੂੰ ਸ਼ੁੱਧ ਦੁੱਧ ਨਹੀਂ ਮਿਲਦਾ। ਇਸ ਦਾ ਵੱਡਾ ਕਾਰਨ ਦੁੱਧ ਵਿੱਚ ਮਿਲਾਵਟ ਕਰਨ ਵਾਲਿਆਂ ਦੀ ਭਰਮਾਰ ਹੈ। ਅਜਿਹੀ ਸਥਿਤੀ ਵਿੱਚ ਆਮ ਲੋਕਾਂ ਨੂੰ ਸ਼ੁੱਧ, ਦੁੱਧ ਦੀ ਪਛਾਣ ਕਰਨ ਲਈ ਜਾਗਰੂਕ ਕਰਨਾ ਜ਼ਰੂਰੀ ਹੈ। ਇਸੇ ਮਕਸਦ ਨੂੰ ਲੈ ਕੇ ਇੱਕ ਅਜਿਹੀ ਕਿੱਟ ਤਿਆਰ ਕੀਤੀ ਗਈ ਹੈ ਡਾ. ਨਿਤਿਕਾ ਦਾ ਕਹਿਣਾ ਹੈ ਕਿ ਜ਼ਿਆਦਾਤਰ ਦੁੱਧ ਵੇਚਣ ਵਾਲੇ ਵੱਧ ਮੁਨਾਫ਼ਾ ਕਮਾਉਣ ਲਈ ਦੁੱਧ ਵਿੱਚ ਕਥਿਤ ਤੌਰ ’ਤੇ ਪਾਣੀ, ਖੰਡ, ਆਟਾ, ਮਿੱਠਾ ਸੋਡਾ, ਯੂਰੀਆ, ਹਾਈਡਰੋਜਨ, ਵੈਜੀਟੇਬਲ ਆਇਲ, ਕੱਪੜੇ ਧੋਣ ਵਾਲਾ ਸੋ਼ਡਾ, ਗਿਲੀਸਰੀਨ ਅਤੇ ਛੱਪੜ ਦਾ ਪਾਣੀ ਮਿਲਾ ਦਿੰਦੇ ਹਨ।


ਕੁਝ ਰਸਾਇਣ ਅਜਿਹੇ ਹਨ, ਜਿਨ੍ਹਾਂ ਦਾ ਮਨੁੱਖੀ ਸਰੀਰ ’ਤੇ ਮਾੜਾ ਅਸਰ ਪੈਂਦਾ ਹੈ। ਅਜਿਹੀਆਂ ਮਿਲਾਵਟਾਂ ਵਿੱਚੋਂ ਕੁਝ ਦੀ ਪਛਾਣ ਕਰਨ ਲਈ ਡਾ. ਵੀਨਾ ਅਤੇ ਉਨ੍ਹਾਂ ਦੀ ਟੀਮ ਇਹ ਕਿੱਟ ਕਾਫੀ ਮਦਦਗਾਰ ਸਾਬਤ ਹੋਵੇਗੀ। ਇਸ ਕਿੱਟ ਵਿੱਚ ਟੈਸਟ ਟਿਊਬ, ਕੈਮੀਕਲ ਵਾਲੀਆਂ ਸ਼ੀਸ਼ੀਆਂ ਅਤੇ ਜਾਂਚ ਕਰਨ ਦੇ ਢੰਗ ਨਾਲ ਸਬੰਧਤ ਸਮੱਗਰੀ ਰੱਖੀ ਗਈ ਹੈ, ਜਿਸ ਦੀ ਵਰਤੋਂ ਬਹੁਤ ਆਸਾਨ ਹੈ।


ਉਨ੍ਹਾਂ ਦੱਸਿਆ ਕਿ 25 ਮਿਲੀ ਲੀਟਰ ਦੁੱਧ ਅਤੇ ਵੱਖੋ-ਵੱਖਰੇ ਕੈਮੀਕਲ ਦੀਆਂ 20 ਕੁ ਬੂੰਦਾਂ ਇੱਕ ਟਿਊਬ ਵਿੱਚ ਪਾ ਕੇ ਹਿਲਾਉਣ ਨਾਲ ਜੇਕਰ ਦੁੱਧ ਦਾ ਰੰਗ ਪੀਲਾ ਹੋ ਜਾਵੇ, ਤਾਂ ਇਸ ਵਿੱਚ ਯੂਰੀਆ ਮਿਲਿਆ ਹੋਇਆ ਹੋ ਸਕਦਾ ਹੈ। ਜੇਕਰ ਗੁਲਾਬੀ ਹੋ ਜਾਵੇ, ਤਾਂ ਇਸ ਵਿੱਚ ਮਿੱਠਾ ਸੋਡਾ ਹੈ, ਜੇਕਰ ਲਾਲ ਹੋ ਜਾਵੇ, ਤਾਂ ਇਸ ਵਿੱਚ ਖੰਡ ਹੈ। ਜੇਕਰ ਰੰਗ ਨੀਲਾ ਹੋ ਜਾਵੇ, ਤਾਂ ਆਟਾ ਆਦਿ ਤੇ ਸਲੇਟੀ ਰੰਗ ਹੋਣ ’ਤੇ ਹਾਈਡਰੋਜਨ ਦੀ ਮਿਲਾਵਟ ਹੋ ਸਕਦੀ ਹੈ।


ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਇਸ ਕਿੱਟ ਦੀ ਕੀਮਤ 300 ਰੁਪਏ ਰੱਖੀ ਗਈ ਹੈ, ਜੋ ਆਮ ਲੋਕਾਂ ਦੇ ਖਰੀਦਣ ਲਈ ਉਪਲਬਧ ਹੋਵੇਗੀ। ਇੱਕ ਕਿੱਟ ਨਾਲ 100 ਦੇ ਕਰੀਬ ਸੈਂਪਲ ਲਾਏ ਜਾ ਸਕਦੇ ਹਨ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904