ਲੁਧਿਆਣਾ: ਕਰੋਨਾਵਾਇਰਸ ਦੌਰਾਨ ਸੂਬੇ ਦੇ ਕਿਸਾਨਾਂ ਲਈ ਕਣਕ ਦੀ ਵਾਢੀ ਨੂੰ ਸੁਰੱਖਿਅਤ ਸਿਰੇ ਚਾੜਨਾ ਵੱਡੀ ਚੁਣੌਤੀ ਹੈ। ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਕਿਸਾਨਾਂ ਲਈ ਸੁਝਾਅ ਜਾਰੀ ਕੀਤੇ ਹਨ। ਫ਼ਾਰਮ ਮਸ਼ੀਨਰੀ ਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਨੇ ਕਿਹਾ ਹੈ ਕਿ ਕਣਕ ਦੀ ਵਾਢੀ ਲਈ ਵਰਤੋਂ ਵਿੱਚ ਆਉਣ ਵਾਲੇ ਸੰਦ ਅਤੇ ਮਸ਼ੀਨਾਂ ਨੂੰ ਵਰਤੋਂ ਤੋਂ ਪਹਿਲਾਂ ਜੀਵਾਣੂ ਰਹਿਤ ਕਰਨ ਲਈ ਕੁਝ ਖਾਸ ਵਿਧੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਨੂੰ ਸਾਬਣ ਜਾਂ ਕੱਪੜੇ ਧੋਣ ਵਾਲੇ ਸੋਢੇ ਵਾਲੇ ਪਾਣੀ ਜਾਂ ਸੋਡੀਅਮ ਹਾਈਪੋਕਲੋਰਾਈਡ ਦੇ ਘੋਲ ਨਾਲ ਸਾਫ਼ ਕਰਨਾ ਚਾਹੀਦਾ ਹੈ। ਮਸ਼ੀਨਾਂ ਦੇ ਪੁਰਜ਼ਿਆਂ ਉਪਰ ਇਸ ਘੋਲ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਕਿਸੇ ਵੀ ਸਤਹਿ ਨੂੰ ਸਾਫ਼ ਪਾਣੀ ਨਾਲ ਧੋ ਕੇ ਸੁੱਕਣ ਤੋਂ ਬਾਅਦ ਜੀਵਾਣੂ ਨਾਸ਼ਕ ਘੋਲ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਮਸ਼ੀਨਾਂ ਦੇ ਹੱਥ ਨਾਲ ਛੋਹੇ ਜਾਣ ਵਾਲੇ ਹਿੱਸਿਆਂ ਸਟੀਅਰਿੰਗ, ਰੇਸ ਅਤੇ ਗੇਅਰ ਲੀਵਰ ਆਦਿ ਨੂੰ ਗਿੱਲੇ ਕੱਪੜੇ ਨਾਲ ਸਾਫ ਕਰਕੇ ਇਸ ਘੋਲ ਨਾਲ ਜੀਵਾਣੂ ਰਹਿਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸੁਰੱਖਿਆ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਹਰ ਵਿਅਕਤੀ ਨੂੰ ਦੂਜੇ ਵਿਅਕਤੀ ਕੋਲੋਂ ਸੁਰੱਖਿਅਤ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਖੇਤ ਵਿੱਚ ਕੰਮ ਕਰਦਿਆਂ ਸੁਰੱਖਿਆ ਵਸਤਰ, ਦਸਤਾਨੇ ਤੇ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸੁਰੱਖਿਅਤ ਤਰੀਕੇ ਨਾਲ ਮਸ਼ੀਨਰੀ ਦੀ ਵਰਤੋਂ ਲਈ ਮਸ਼ੀਨਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਚਲਾਉਣਾ ਚਾਹੀਦਾ ਹੈ। ਵਾਢੀ ਵੇਲੇ ਫ਼ਸਲ ਪੂਰੀ ਤਰ੍ਹਾਂ ਸੁੱਕੀ ਹੋਵੇ ਤਾਂ ਵਧੇਰੇ ਚੰਗਾ ਹੈ।