ਝੋਨੇ ਦੀ ਸਰਕਾਰੀ ਖਰੀਦ ਕੱਲ੍ਹ ਤੋਂ, ਵੇਖ ਲਓ ਮੰਡੀਆਂ ਦਾ ਹਾਲ!
ਅਗਲੇ ਦਿਨਾਂ ਤੋਂ ਸੂਬੇ ਵਿੱਚ ਝੋਨੇ ਦੀ ਫਸਲਾਂ ਦੀ ਆਮਦ ਸ਼ੁਰੂ ਹੋ ਜਾਵੇਗੀ। ਸਰਕਾਰ ਨੇ ਸਰਕਾਰੀ ਖਰੀਦ ਦਾ ਵੀ ਪਹਿਲੀ ਅਕਤੂਬਰ ਤੋਂ ਐਲਾਨ ਕੀਤਾ ਹੋਇਆ ਹੈ ਪਰ ਆੜ੍ਹਤੀਆਂ ਤੇ ਕਿਸਾਨਾਂ ਨੂੰ ਬਾਰਸ਼ ਤੇ ਬੱਦਲਵਾਈ ਦਾ ਡਰ ਸਤਾ ਰਿਹਾ ਹੈ। ਇਸ ਦੇ ਨਾਲ ਹੀ ਮੰਡੀਆਂ ਵਿੱਚ ਬਾਰਸ਼ ਤੋਂ ਬਚਣ ਲਈ ਜਿੱਥੇ ਆੜ੍ਹਤੀ ਸਰਕਾਰ ਦੇ ਪ੍ਰਬੰਧ 'ਤੇ ਸਵਾਲ ਚੁੱਕ ਰਹੇ ਹਨ, ਉੱਥੇ ਸਰਕਾਰੀ ਅਧਿਕਾਰੀ ਵੀ ਇਸ ਨੂੰ ਆੜ੍ਹਤੀਆਂ ਦੀ ਜ਼ਿੰਮੇਵਾਰੀ ਦੱਸ ਕੇ ਆਪਣਾ ਪੱਲਾ ਝਾੜ ਰਹੇ ਹਨ।
ਗਗਨਦੀਪ ਸ਼ਰਮਾ
ਅੰਮ੍ਰਿਤਸਰ: ਅਗਲੇ ਦਿਨਾਂ ਤੋਂ ਸੂਬੇ ਵਿੱਚ ਝੋਨੇ ਦੀ ਫਸਲਾਂ ਦੀ ਆਮਦ ਸ਼ੁਰੂ ਹੋ ਜਾਵੇਗੀ। ਸਰਕਾਰ ਨੇ ਸਰਕਾਰੀ ਖਰੀਦ ਦਾ ਵੀ ਪਹਿਲੀ ਅਕਤੂਬਰ ਤੋਂ ਐਲਾਨ ਕੀਤਾ ਹੋਇਆ ਹੈ ਪਰ ਆੜ੍ਹਤੀਆਂ ਤੇ ਕਿਸਾਨਾਂ ਨੂੰ ਬਾਰਸ਼ ਤੇ ਬੱਦਲਵਾਈ ਦਾ ਡਰ ਸਤਾ ਰਿਹਾ ਹੈ। ਇਸ ਦੇ ਨਾਲ ਹੀ ਮੰਡੀਆਂ ਵਿੱਚ ਬਾਰਸ਼ ਤੋਂ ਬਚਣ ਲਈ ਜਿੱਥੇ ਆੜ੍ਹਤੀ ਸਰਕਾਰ ਦੇ ਪ੍ਰਬੰਧ 'ਤੇ ਸਵਾਲ ਚੁੱਕ ਰਹੇ ਹਨ, ਉੱਥੇ ਸਰਕਾਰੀ ਅਧਿਕਾਰੀ ਵੀ ਇਸ ਨੂੰ ਆੜ੍ਹਤੀਆਂ ਦੀ ਜ਼ਿੰਮੇਵਾਰੀ ਦੱਸ ਕੇ ਆਪਣਾ ਪੱਲਾ ਝਾੜ ਰਹੇ ਹਨ।
ਝੋਨੇ ਦੀ ਫ਼ਸਲ ਦੀ ਆਮਦ ਦੌਰਾਨ ਬਾਰਸ਼ ਹਮੇਸ਼ਾ ਦਸਤਕ ਦਿੰਦੀ ਰਹੀ ਹੈ ਤੇ ਇਸ ਵਾਰ ਵੀ ਮੰਡੀਆਂ ਦੇ ਵਿੱਚ ਝੋਨੇ ਦੀ ਪਹਿਲੀ ਕਿਸਮ ਦੀ ਆਮਦ ਤੋਂ ਪਹਿਲਾਂ ਬੱਦਲਵਾਈ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਆੜ੍ਹਤੀਆਂ ਦੀ ਵੀ ਚਿੰਤਾ ਵਧ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੰਡੀਆਂ ਇਕ ਓਪਨ ਮਾਰਕੀਟ ਹਨ ਤੇ ਸਰਕਾਰ ਨੂੰ ਸ਼ੈੱਡਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਮੰਡੀ ਵਿੱਚ ਫ਼ਸਲਾਂ ਦੀ ਚੋਰੀ ਨੂੰ ਰੋਕਣ ਲਈ ਵੀ ਪੂਰੇ ਉਪਰਾਲੇ ਕਰਨੇ ਚਾਹੀਦੇ ਹਨ।
ਆੜ੍ਹਤੀਆਂ ਨੇ ਕਿਹਾ ਕਿ ਸਰਕਾਰ ਨੂੰ ਲਿਫਟਿੰਗ ਦੇ ਟੈਂਡਰ ਉਨ੍ਹਾਂ ਟਰਾਂਸਪੋਰਟਰਾਂ ਨੂੰ ਜਾਰੀ ਕਰਨੇ ਚਾਹੀਦੇ ਹਨ, ਜਿਨ੍ਹਾਂ ਕੋਲ ਆਪਣੀਆਂ ਗੱਡੀਆਂ ਹੋਣ। ਆੜ੍ਹਤੀਆਂ ਦੀ ਲਿਫ਼ਟਿੰਗ ਸਬੰਧੀ ਪੁਰਾਣੀ ਹੀ ਮੰਗ ਰਹੀ ਹੈ ਜਿਸ ਨੂੰ ਆੜ੍ਹਤੀ ਇਸ ਵਾਰ ਵੀ ਦੁਹਰਾ ਰਹੇ ਹਨ। ਅੰਮ੍ਰਿਤਸਰ ਦੀ ਭਗਤਾਂਵਾਲਾ ਅਨਾਜ ਮੰਡੀ ਦੇ ਸਾਬਕਾ ਪ੍ਰਧਾਨ ਨਰਿੰਦਰ ਬਹਿਲ ਨੇ ਦੱਸਿਆ ਕਿ ਲਿਫਟਿੰਗ ਸਮੇਂ ਸਿਰ ਨਾ ਹੋਣ ਕਾਰਨ ਆੜ੍ਹਤੀਏ ਹੀ ਫਸਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਫੜ ਖਾਲੀ ਕਰਵਾਉਣ ਲਈ ਨਿੱਜੀ ਟਰਾਂਸਪੋਰਟ ਦਾ ਪ੍ਰਬੰਧ ਕਰਨਾ ਪੈਂਦਾ।
ਦੂਜੇ ਪਾਸੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਝੋਨੇ ਦੀ ਆਮਦ ਨੂੰ ਦੇਖਦੇ ਹੋਏ ਮੰਡੀ ਦੇ ਵਿੱਚ ਸਾਰੇ ਪ੍ਰਬੰਧ ਕਰ ਲਏ ਗਏ ਹਨ। ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਸਕੱਤਰ ਅਮਨਦੀਪ ਕੌੜਾ ਨੇ ਕਿਹਾ ਕਿ ਤਰਪਾਲਾਂ ਲਈ ਵੀ ਜਿੱਥੇ ਆੜ੍ਹਤੀਆਂ ਨੂੰ ਢੁਕਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ, ਉੱਥੇ ਮੰਡੀ ਵਿਚਲੇ ਸ਼ੈੱਡਾਂ ਦੀ ਵੀ ਰਿਪੇਅਰ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਦੀ ਚੋਰੀ ਰੋਕਣ ਲਈ ਅੱਸੀ ਫੀਸਦੀ ਚਾਰ ਦੀਵਾਰੀ ਮੁਕੰਮਲ ਕਰ ਲਈ ਗਈ ਹੈ।