ਚੰਡੀਗੜ੍ਹ: ਅਵਾਰਾ ਪਸ਼ੂ ਕਾਰਨ ਜਿੱਥੇ ਜਾਨੀ ਨੁਕਸਾਨ ਹੋ ਰਿਹਾ ਉੱਥੇ ਮਾਲੀ ਨੁਕਸਾਨ ਵੀ ਹੋ ਰਿਹਾ ਹੈ ਪਰ ਕੋਈ ਇਸਦਾ ਕਈ ਠੋਸ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਜਦੋਂ ਕਿਸਾਨਾਂ ਦੇ ਖੇਤਾਂ ਵਿੱਚ ਫਸਲ ਸੀ ਉਦੋਂ ਕਿਸਾਨਾਂ ਨੂੰ ਖੇਤਾਂ ਵਿੱਚ ਪਸ਼ੂਆਂ ਤੋਂ ਬਚਾਉਣੀ ਪੈ ਰਹੀ ਸੀ ਪਰ ਹੁਣ ਜਦੋਂ ਵਿਕਣ ਲਈ ਮੰਡੀ ਵਿੱਚ ਆ ਗਈ ਹੈ ਤਾਂ ਇਹ ਪਸ਼ੂ ਮੰਡੀਆਂ ਵਿੱਚ ਆ ਗਏ ਹਨ। ਇਹ ਹਾਲਤ ਸੰਗਰੂਰ ਦੇ ਲਹਿਰਾਗਾਗਾ ਕਸਬੇ ਦੀ ਮੰਡੀ ਦੀ ਬਣੀ ਹੋਈ ਹੈ ਜਿੱਥੇ ਅਨਾਜ ਮੰਡੀ ਦੀ ਚਾਰਦੀਵਾਰੀ ਟੁੱਟੀ ਹੋਣ ਅਤੇ ਤਿੰਨੇ ਦਾਖ਼ਲਾ ਗੇਟ ਟੁੱਟੇ ਹੋਣ ਕਾਰਨ ਅਵਾਰਾ ਪਸ਼ੂਆਂ ਨੇ ਮੰਡੀ ਵਿੱਚ ਝੋਨਾ ਲੈ ਕੇ ਆਏ ਕਿਸਾਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ।


ਸਥਾਨਕ ਅਨਾਜ ਮੰਡੀ ਵਿੱਚ ਬੈਠੇ ਕਿਸਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਇੱਕ ਪਾਸੇ ਤਾਂ ਝੋਨੇ ਦੀ ਬੋਲੀ ਲਈ ਕਈ ਕਈ ਦਿਨ ਉਡੀਕ ਕਰਨੀ ਪੈ ਰਹੀ ਹੈ ਤੇ ਦੂਜੇ ਪਾਸੇ ਅਵਾਰਾ ਪਸ਼ੂਆਂ ਅਤੇ ਚੋਰਾਂ ਤੋਂ ਝੋਨੇ ਨੂੰ ਬਚਾਉਣਾ ਔਖਾ ਹੋਇਆ ਪਿਆ ਹੈ। ਉਨ੍ਹਾਂ ਨੂੰ 24 ਘੰਟੇ ਝੋਨੇ ਦੀ ਰਾਖੀ ਖ਼ੁਦ ਕਰਨੀ ਪੈ ਰਹੀ ਹੈ। ਮਾਰਕਿਟ ਕਮੇਟੀ ਜਾਂ ਆੜ੍ਹਤੀਏ ਕੋਈ ਪ੍ਰਬੰਧ ਨਹੀਂ ਕਰਦੇ। ਉਹ ਅਵਾਰਾ ਪਸ਼ੂਆਂ ਨੂੰ ਮੰਡੀ ’ਚੋਂ ਬਾਹਰ ਭਜਾ ਕੇ ਆਉਂਦੇ ਹਨ ਪਰ ਚਾਰ ਦੀਵਾਰੀ ਟੁੱਟੀ ਹੋਣ ਕਰਕੇ ਪਸ਼ੂ ਮੁੜ ਮੰਡੀ ’ਚ ਵੜ ਜਾਂਦੇ ਹਨ। ਇਸ ਤੋਂ ਇਲਾਵਾ ਇੱਥੇ ਫਿਰਦੀਆਂ ਔਰਤਾਂ ਤੇ ਬੱਚੇ ਮਿੰਟ ’ਚ ਹੀ ਪੱਲੀ ’ਚ ਝੋਨਾ ਪਾ ਕੇ ਭੱਜ ਜਾਂਦੇ ਹਨ।

ਭਾਰਤੀ ਕਿਸਾਨ ਯੂਨੀਅਨ(ਏਕਤਾ-ਉਗਰਾਹਾਂ) ਦੇ ਬਲਾਕ ਪ੍ਰਧਾਨ ਬਹਾਲ ਸਿੰਘ ਢੀਂਡਸਾ ਨੇ ਕਿਹਾ ਕਿ ਅਨਾਜ ਮੰਡੀ ਵਿੱਚ ਜਿਣਸ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣਾ ਆੜ੍ਹਤੀ ਤੇ ਮਾਰਕਿਟ ਕਮੇਟੀ ਦੀ ਜਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਕੁਝ ਵਰ੍ਹੇ ਮਾਰਕਿਟ ਕਮੇਟੀ ਬਾਕਾਇਦਾ ਪਸ਼ੂ ਬਾਹਰ ਕੱਢਣ ਲਈ ਕਰਮਚਾਰੀ ਨਿਯੁਕਤ ਕਰਦੀ ਸੀ।

ਇੱਕ ਮਾਰਕਿਟ ਕਰਮਚਾਰੀ ਨੇ ਦੱਸਿਆ ਕਿ ਆਮ ਦਿਨਾਂ ’ਚ ਸ਼ਹਿਰ ਦੇ ਲੋਕ ਗਊਸ਼ਾਲਾ ਜਾਕੇ ਪਸ਼ੂਆਂ ਨੂੰ ਹਰਾਚਾਰਾ ਪਾਉਣ ਦੀ ਥਾਂ ਅਨਾਜ ਮੰਡੀ ਦੇ ਇੱਕ ਖੂਜੇ ’ਚ ਹਰਾ ਚਾਰਾ ਅਤੇ ਦਾਣਾ ਪਾਉਂਦੇ ਰਹਿੰਦੇ ਹਨ ਜਿਸ ਕਰਕੇ ਅਨਾਜ ਮੰਡੀ ਅੰਦਰ ਅਵਾਰਾ ਪਸ਼ੂਆਂ ਦੀ ਮਿੰਨੀ ਗਊਸ਼ਾਲਾ ਬਣ ਗਈ ਹੈ ਜਿਸ ਕਰਕੇ ਜਿਣਸ ਦੀ ਆਮਦ ਦੇ ਸੀਜ਼ਨ ’ਚ ਕਿਸਾਨਾਂ ਨੂੰ ਔਖ ਆਉਂਦੀ ਹੈ। ਉਸਦਾ ਤਰਕ ਸੀ ਕਿ ਆੜ੍ਹਤੀਆਂ ਨੂੰ ਢਾਈ ਫੀਸਦੀ ਆੜ੍ਹਤ ਮਿਲਦੀ ਹੈ ਜਿਸ ਕਰਕੇ ਆੜ੍ਹਤੀਆਂ ਨੂੰ ਹੀ ਅਵਾਰਾ ਪਸ਼ੂਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

ਮਾਰਕਿਟ ਕਮੇਟੀ ਦੇ ਸਕੱਤਰ ਪ੍ਰਿਥੀਪਾਲ ਜਲੂਰ ਨੇ ਦੱਸਿਆ ਕਿ ਪਹਿਲਾਂ ਮਾਰਕਿਟ ਕਮੇਟੀ ਵਿੱਚ ਅਵਾਰਾ ਪਸ਼ੂਆਂ ਲਈ ਕੈਟਲਜ਼ ਸਕੇਅਰ ਦੀ ਆਸਾਮੀ ਹੁੰਦੀ ਸੀ ਪਰ ਇਹ ਦੋ ਦਹਾਕੇ ਤੋਂ ਵੱਧ ਸਮੇਂ ਤੋਂ ਖ਼ਤਮ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਚਾਰਦਿਵਾਰੀ ਦੀ ਮੁਰੰਮਤ ਕਰਾਉਣ ਲਈ ਐਸਟੀਮੇਟ ਬਣਾ ਕੇ ਮੰਡੀ ਬੋਰਡ ਨੂੰ ਭੇਜਿਆ ਹੋਇਆ ਹੈ ਅਤੇ ਇਹ ਝੋਨੇ ਦੇ ਸੀਜ਼ਨ ਮਗਰੋਂ ਬਣਾ ਦਿੱਤੀ ਜਾਵੇਗੀ।