ਉਨ੍ਹਾਂ ਕਿਹਾ ਕਿ ਕਿਸਾਨ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਜਿਣਸਾਂ ਪੈਦਾ ਕਰਨਗੇ, ਪਤੰਜਲੀ ਇਨ੍ਹਾਂ ਨੂੰ ਖਰੀਦਣ ਲਈ ਵਚਨਬੱਧ ਹੈ। ਇਨ੍ਹਾਂ ਜਿਣਸਾਂ ਦੀ ਕਾਸ਼ਤ ਨਾਲ ਕਿਸਾਨਾਂ ਨੂੰ ਘੱਟੋ-ਘੱਟ ਇਕ ਲੱਖ ਤੋਂ ਡੇਢ ਲੱਖ ਰੁਪਏ ਤਕ ਦੀ ਪ੍ਰਤੀ ਏਕੜ ਆਮਦਨ ਹੋ ਸਕਦੀ ਹੈ। ਸਵਾਮੀ ਰਾਮਦੇਵ ਨੇ ਰਾਜਸਥਾਨ ਦੀ ਮੁੱਖ ਮੰਤਰੀ ਸ੍ਰੀਮਤੀ ਵਸੁੰਧਰਾ ਰਾਜੇ ਨੂੰ ਅਪੀਲ ਕੀਤੀ ਕਿ ਉਹ ਇਸ ਖੇਤਰ ਵਿਚ ਕਿਸਾਨਾਂ ਦੀ ਮਦਦ ਕਰਨ ਤਾਂ ਹੀ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਖੁਸ਼ਹਾਲ ਹੋਵੇਗਾ ਤਾਂ ਹੀ ਸਾਡਾ ਦੇਸ਼ ਖੁਸ਼ਹਾਲ ਬਣ ਸਕਦਾ ਹੈ ਕਿਉਂਕਿ ਖੁਸ਼ਹਾਲੀ ਦਾ ਰਾਹ ਖੇਤਾਂ 'ਚੋਂ ਹੋ ਕੇ ਆਉਂਦਾ ਹੈ।
ਦਾਲਾਂ ਦੀ ਕਾਸ਼ਤ ਵਧਾਈ ਜਾਵੇ
ਬਾਬਾ ਰਾਮਦੇਵ ਨੇ ਕਿਹਾ ਕਿ ਜੋਧਪੁਰ ਖੇਤਰ ਨੂੰ ਮੂੰਗੀ ਦੀ ਦਾਲ ਦਾ ਗੜ੍ਹ ਮੰਨਿਆ ਜਾਂਦਾ ਹੈ, ਇਸ ਦੇ ਨਾਲ ਹੀ ਰਾਜਸਥਾਨ ਦੇ ਬਾਜਰੇ ਦਾ ਕੋਈ ਜਵਾਬ ਨਹੀਂ। ਕਿਸਾਨਾਂ ਨੂੰ ਦਾਲਾਂ ਦੀ ਕਾਸ਼ਤ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਇਹ ਦਾਲਾਂ ਪੂਰੇ ਦੇਸ਼ ਵਿਚ ਪਹੁੰਚਾਉਣ ਦਾ ਕੰਮ ਪਤੰਜਲੀ ਵਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਾਲਾਂ ਦੀ ਕਾਸ਼ਤ ਜਿੰਨੀ ਜ਼ਿਆਦਾ ਹੋਵੇਗੀ ਇਸ ਨਾਲ ਕਿਸਾਨ ਨੂੰ ਉਨਾ ਹੀ ਲਾਭ ਵੀ ਹੋਵੇਗਾ ਅਤੇ ਆਮ ਆਦਮੀ ਦੀ ਪਹੁੰਚ ਇਨ੍ਹਾਂ ਤਕ ਆਸਾਨੀ ਨਾਲ ਹੋ ਸਕੇਗੀ।
ਇਸ ਦੌਰਾਨ ਮੁੱਖ ਮੰਤਰੀ ਸ੍ਰੀਮਤੀ ਵਸੁੰਧਰਾ ਰਾਜੇ ਨੇ ਸਵਾਮੀ ਰਾਮਦੇਵ ਨੂੰ ਭਰੋਸਾ ਦਵਾਇਆ ਕਿ ਉਹ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਰਾਜਸਥਾਨ ਵਿਚ ਲਾਗੂ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਦੇਣਗੇ। ਸਵਾਮੀ ਰਾਮਦੇਵ ਨੇ ਵੱਡੀ ਗਿਣਤੀ ਵਿਚ ਜੁੜੇ ਕਿਸਾਨਾਂ ਨੂੰ ਯੋਗ ਅਪਨਾਉਣ ਦੀ ਵੀ ਸਲਾਹ ਦਿੱਤੀ। ਕਿਸਾਨਾਂ ਨੇ ਸਵਾਮੀ ਤੋਂ ਬਹੁਤ ਸਾਰੇ ਸਵਾਲ ਵੀ ਪੁੱਛੇ।