Farming - ਕੀ ਤੁਸੀਂ ਵੀ ਸਬਜੀ ਲਗਾਉਣ ਦਾ ਸੋਚ ਰਹੇ ਹੋ। ਸਬਜ਼ੀਆਂ ਦੀ ਸਫਲ ਖੇਤੀ ਲਈ ਨਰੋਏ ਬੀਜ ਤੇ ਨਰੋਈ ਪਨੀਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਬਹੁਤ ਸਾਰੀਆਂ ਸਬਜ਼ੀਆਂ ਦੇ ਬੀਜਾਂ ਨੂੰ ਸਿੱਧਾ ਖੇਤ ’ਚ ਲਾਇਆ ਜਾਂਦਾ ਹੈ ਤੇ ਕੁਝ ਸਬਜ਼ੀਆਂ ਜਿਵੇਂ ਟਮਾਟਰ, ਬੈਂਗਣ, ਮਿਰਚ, ਸ਼ਿਮਲਾ ਮਿਰਚ, ਫੁੱਲ ਗੋਭੀ, ਬੰਦ ਗੋਭੀ, ਪਿਆਜ਼ ਆਦਿ ਦੀ ਪਹਿਲਾਂ ਨਰਸਰੀ ’ਚ ਪਨੀਰੀ ਤਿਆਰ ਕੀਤੀ ਜਾਂਦੀ ਹੈ।


 


ਮਿੱਟੀ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਤੇ ਇੰਨਾ ਵਿੱਚ ਵੱਖ ਵੱਖ ਉਲੀਆਂ ਹੁੰਦੀਆਂ ਹਨ। ਜਿਵੇਂ ਪੀਥੀਅਮ, ਫਿਊਜੇਰੀਅਮ, ਰਾਇਜੋਕਟੋਨੀਆ ਆਦਿ, ਜਿਨ੍ਹਾਂ ਕਰਕੇ ਉਖੇੜਾ ਰੋਗ ਜ਼ਮੀਨ ਤੋਂ ਹੀ ਫੈਲਦਾ ਹੈ। ਇਸ ਰੋਗ ਤੋਂ ਬਚਣ ਲਈ ਬਿਜਾਈ ਤੋਂ 10 ਦਿਨ ਪਹਿਲਾਂ ਕਿਆਰੀਆਂ ਨੂੰ 1.5-2.0 ਫ਼ੀਸਦੀ ਫਾਰਮਾਲੀਨ ਦੇ ਘੋਲ ਨਾਲ ਸੋਧੋ। 15-20 ਮਿਲੀਲੀਟਰ ਦਵਾਈ ਇਕ ਲੀਟਰ ਪਾਣੀ ’ਚ ਪਾ ਕੇ 2-3 ਲੀਟਰ ਪ੍ਰਤੀ ਵਰਗ ਮੀਟਰ ਜ਼ਮੀਨ ’ਚ ਪਾਓ। ਮਿੱਟੀ ਦੀ ਤਕਰੀਬਨ 6 ਇੰਚ ਤਹਿ ਗੜੁੱਚ ਹੋ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਕਿਆਰੀਆਂ ਨੂੰ ਪੋਲੀਥੀਨ ਦੀ ਚਾਦਰ ਨਾਲ 72 ਘੰਟੇ ਤੱਕ ਚੰਗੀ ਤਰ੍ਹਾਂ ਢੱਕ ਦਿਓ ਤੇ ਪੋਲੀਥੀਨ ਦੀ ਚਾਦਰ ਨੂੰ ਚਾਰ ਪਾਸਿਓਂ ਬਾਰੀਕ ਮਿੱਟੀ ਨਾਲ ਦੱਬ ਦਿਓ ਤਾਂ ਜੋ ਗੈਸ ਬਾਹਰ ਨਾ ਆਵੇ। ਬਾਅਦ ’ਚ 4-5 ਦਿਨ ਤੱਕ ਦਿਨ ’ਚ ਇਕ ਵਾਰ ਕਿਆਰੀਆਂ ਦੀ ਮਿੱਟੀ ਪਲਟਾਓ ਤਾਂ ਕਿ ਫਾਰਮਲੀਨ ਦਾ ਅਸਰ ਖ਼ਤਮ ਹੋ ਜਾਵੇ ਤੇ ਬੀਜ ਦੀ ਉੱਗਣ ਸ਼ਕਤੀ ’ਤੇ ਕੋਈ ਅਸਰ ਨਾ ਹੋਵੇ।


 


ਇਸਤੋਂ ਇਲਾਵਾ ਪਨੀਰੀ ਲਾਉਣ ਵਾਲੀ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਕੇ ਮਿੱਟੀ ’ਚ ਰੂੜੀ ਨੂੰ ਮਿਲਾ ਦੇਣਾ ਚਾਹੀਦਾ ਹੈ। ਇੱਕੋ ਥਾਂ ’ਤੇ ਪਨੀਰੀ ਵਾਰ-ਵਾਰ ਨਹੀਂ ਬੀਜਣੀ ਚਾਹੀਦੀ। ਪਨੀਰੀ ਬੀਜਣ ਲਈ ਜ਼ਮੀਨ ਦੇ ਪੱਧਰ ਤੋਂ 20 ਸੈਂਟੀਮੀਟਰ ਉੱਚੀਆਂ ਤੇ 1 ਤੋਂ 1.5 ਮੀਟਰ ਚੌੜੀਆਂ ਕਿਆਰੀਆਂ ਬਣਾਉਣੀਆਂ ਚਾਹੀਦੀਆਂ ਹਨ। ਚੰਗੇ ਵੱਤਰ ’ਚ ਬੀਜ ਨੂੰ 5 ਸੈਂਟੀਮੀਟਰ ਦੀ ਦੂਰੀ ਤੇ 1 ਸੈਂਟੀਮੀਟਰ ਡੂੰਘਾਈ ’ਤੇ ਲਾਈਨਾਂ ’ਚ ਬੀਜਣਾ ਚਾਹੀਦਾ ਹੈ। ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਪਿੱਛੋਂ ਫੁਹਾਰੇ ਨਾਲ ਕਰਨੀ ਚਾਹੀਦੀ ਹੈ। ਸਿਫ਼ਾਰਸ਼ ਕੀਤੀਆਂ ਕਿਸਮਾਂ ਵੇਲੇ ਸਿਰ ਬੀਜਣੀਆਂ ਚਾਹੀਦੀਆਂ ਹਨ ਤਾਂ ਕਿ ਫ਼ਸਲ ਨਿਸਾਰੇ ਤੋਂ ਬਚੀ ਰਹੇ। ਅਗੇਤੀ ਬੀਜੀ ਪਨੀਰੀ ਤੇ ਫ਼ਸਲ ਨੂੰ ਰੂੜੀ ਦੀ ਗਲੀ-ਸੜੀ ਖਾਦ ਦੀ ਕਾਫ਼ੀ ਮਾਤਰਾ ਪਾਉਣੀ ਚਾਹੀਦੀ ਹੈ ਤੇ ਛੇਤੀ-ਛੇਤੀ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ ਤਾਂ ਕਿ ਬੂਟੇ ਘੱਟ ਮਰਨ। ਵਧੇਰੇ ਧੁੱਪ ਤੋਂ ਬਚਾਅ ਲਈ ਪਨੀਰੀ ਨੂੰ ਸਰਕੰਡੇ ਦਾ ਛੌਰਾ ਕਰਨਾ ਚਾਹੀਦਾ ਹੈ। ਬੀਜ ਪੁੰਗਰਨ ਤੱਕ ਕਿਆਰੀਆਂ ਨੂੰ ਪਰਾਲੀ ਨਾਲ ਢੱਕ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਬੀਜ ਛੇਤੀ ਪੁੰਗਰਦਾ ਹੈ ਤੇ ਬੀਜ ਦਾ ਜੰਮ ਵਧੀਆ ਹੁੰਦਾ ਹੈ। ਸਰਦੀਆਂ ਦੇ ਮੌਸਮ ’ਚ ਪਨੀਰੀ ਨੂੰ ਕੋਰੇ ਤੋਂ ਬਚਾਉਣ ਲਈ ਨਰਸਰੀ ਬੈੱਡ ਨੂੰ ਪਲਾਸਟਿਕ ਦੀ ਚਾਦਰ ਨਾਲ ਢੱਕ ਦੇਣਾ ਚਾਹੀਦਾ ਹੈ ਤੇ ਦਿਨ ਵੇਲੇ ਜਦੋਂ ਲੱਗੇ ਕਿ ਧੁੱਪ ਹੈ, ਇਸ ਨੂੰ ਹਟਾ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਸਰਦੀਆਂ ’ਚ ਵੀ ਨਰੋਈ ਪਨੀਰੀ ਪੈਦਾ ਕਰ ਸਕਦੇ ਹਾਂ।


 


ਕਿਵੇਂ ਦੀ ਪਨੀਰੀ ਖੇਤ ਵਿੱਚ ਲਈਏ। ਜਦੋਂ ਪਨੀਰੀ 4-6 ਹਫ਼ਤਿਆਂ ਦੀ ਹੋ ਜਾਵੇ ਤੇ ਪੌਦੇ 15-20 ਸੈਂਟੀਮੀਟਰ ਲੰਬੇ ਹੋ ਜਾਣ ਤਾਂ ਇਨ੍ਹਾਂ ਨੂੰ ਪੁੱਟ ਕੇ ਖੇਤ ’ਚ ਲਾ ਦੇਣਾ ਚਾਹੀਦਾ ਹੈ। ਪਨੀਰੀ ਪੁੱਟਣ ਤੋਂ 3-4 ਦਿਨ ਪਹਿਲਾਂ ਨਰਸਰੀ ਨੂੰ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਨਾਲ ਪੌਦੇ ਮਜ਼ਬੂਤ ਹੋ ਜਾਂਦੇ ਹਨ ਪਰ ਪੌਦੇ ਪੁੱਟਣ ਤੋਂ ਇਕ ਦਿਨ ਪਹਿਲਾਂ ਹਲਕੀ ਸਿੰਚਾਈ ਜ਼ਰੂਰ ਕਰ ਦੇਣੀ ਚਾਹੀਦੀ ਹੈ। ਪਨੀਰੀ ਨੂੰ ਪੁੱਟ ਕੇ ਛਾਂ ’ਚ ਰੱਖਣਾ ਚਾਹੀਦਾ ਹੈ ਤੇ ਜਿੰਨੀ ਛੇਤੀ ਹੋ ਸਕੇ, ਖੇਤ ’ਚ ਲਾ ਦੇਣਾ ਚਾਹੀਦਾ ਹੈ। ਪੌਦੇ ਖੇਤ ’ਚ ਲਾਉਣ ਤੋਂ ਤੁਰੰਤ ਬਾਅਦ ਪਾਣੀ ਜ਼ਰੂਰ ਦੇਣਾ ਚਾਹੀਦਾ ਹੈ। ਪਨੀਰੀ ਨੂੰ ਦੂਰ- ਦੁਰਾਡੇ ਲੈ ਜਾਣਾ ਹੋਵੇ ਤਾਂ ਉਸ ਨੂੰ ਗਿੱਲੀ ਬੋਰੀ ’ਚ ਲਪੇਟ ਕੇ ਲੈ ਜਾਣਾ ਚਾਹੀਦਾ ਹੈ ਤਾਂ ਜੋ ਪੌਦੇ ਮੁਰਝਾ ਨਾ ਜਾਣ।


 


ਨਾਲ ਹੀ ਸਬਜ਼ੀਆਂ ਦੀ ਨਰਸਰੀ ’ਚ ਸਿਉਂਕ ਅਤੇ ਉਖੇੜਾ ਰੋਗ ਦਾ ਹਮਲਾ ਕਈ ਵਾਰ ਵੇਖਣ ’ਚ ਆਉਂਦਾ ਹੈ, ਜਿਸ ਤੋਂ ਬਚਾਅ ਲਈ ਬੀਜ ਤੇ ਮਿੱਟੀ ਦੀ ਸੋਧ ਕਰ ਲੈਣੀ ਚਾਹੀਦੀ ਹੈ। ਜ਼ਮੀਨ ਦੀ ਸੋਧ ਲਈ 15-20 ਮਿਲੀਲੀਟਰ ਦਵਾਈ ਇਕ ਲੀਟਰ ਪਾਣੀ ’ਚ ਪਾ ਕੇ 2-3 ਲੀਟਰ ਪ੍ਰਤੀ ਵਰਗ ਮੀਟਰ ਜ਼ਮੀਨ ’ਚ ਪਾਉਣੀ ਚਾਹੀਦੀ ਹੈ, ਜਿਸ ਨਾਲ ਮਿੱਟੀ ਦੀ ਤਕਰੀਬਨ 6 ਇੰਚ ਤਹਿ ਗੜੁੱਚ ਹੋ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਕਿਆਰੀਆਂ ਨੂੰ ਪੋਲੀਥੀਨ ਦੀ ਚਾਦਰ ਨਾਲ 72 ਘੰਟੇ ਤੱਕ ਚੰਗੀ ਤਰ੍ਹਾਂ ਢੱਕ ਦੇਣਾ ਚਾਹੀਦਾ ਹੈ ਅਤੇ ਪੋਲੀਥੀਨ ਦੀ ਚਾਦਰ ਨੂੰ ਚਾਰ ਪਾਸਿਓਂ ਬਾਰੀਕ ਮਿੱਟੀ ਨਾਲ ਦੱਬ ਦਿਓ। 4-5 ਦਿਨ ਤੱਕ ਦਿਨ ’ਚ ਇਕ ਵਾਰ ਕਿਆਰੀਆਂ ਦੀ ਮਿੱਟੀ ਪਲਟਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਫਾਰਮਲੀਨ ਦਾ ਅਸਰ ਖ਼ਤਮ ਹੋ ਜਾਵੇ ਤੇ ਬੀਜ ਦੀ ਉੱਗਣ ਸ਼ਕਤੀ ’ਤੇ ਕੋਈ ਅਸਰ ਨਾ ਹੋਵੇ। ਪਨੀਰੀ ਉੱਚੀਆਂ ਕਿਆਰੀਆਂ ਬਣਾ ਕੇ ਬੀਜਣੀ ਚਾਹੀਦੀ ਹੈ। ਪਨੀਰੀ ਬਹੁਤੀ ਸੰਘਣੀ ਤੇ ਮਾੜੀਆਂ ਜ਼ਮੀਨਾਂ ’ਚ ਨਹੀਂ ਬੀਜਣੀ ਚਾਹੀਦੀ। ਹਰ ਸਾਲ ਪਨੀਰੀ ਬੀਜਣ ਵਾਲੀ ਜਗ੍ਹਾ ਬਦਲ ਲੈਣੀ ਚਾਹੀਦੀ ਹੈ।