ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੰਕਟ ਵਿੱਚ ਘਿਰੇ ਆਲੂ ਉਤਪਾਦਕਾਂ ਦੀ ਬਾਂਹ ਫੜੀ ਹੈ। ਸਰਕਾਰ ਨੇ ਕਿਸਾਨਾਂ ਨੂੰ ਪੰਜ ਕਰੋੜ ਰੁਪਏ ਮਾਲ ਭਾੜੇ ਵਜੋਂ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ। ਇਸ ਦਾ ਮਕਸਦ ਹੈ ਕਿ ਪ੍ਰੇਸ਼ਾਨ ਕਿਸਾਨ ਸੂਬੇ ਤੋਂ ਬਾਹਰ ਆਪਣੇ ਆਲੂ ਵੇਚ ਸਕਣ। ਇਹ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ।
ਸਰਕਾਰੀ ਬੁਲਾਰੇ ਮੁਤਾਬਕ ਆਲੂ ਉਤਪਾਦਕਾਂ ਦੇ ਹਿਤਾਂ ਨੂੰ ਬਚਾਉਣ ਲਈ ਮੁੱਖ ਮੰਤਰੀ ਨੇ ਕਈ ਤਰ੍ਹਾਂ ਦੇ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਇਨ੍ਹਾਂ ਮੁਤਾਬਕ ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਨੂੰ ਉਹ ਹਰ ਕਦਮ ਚੁੱਕਣ ਲਈ ਕਿਹਾ ਹੈ, ਜਿਸ ਨਾਲ ਆਲੂਆਂ ਦਾ ਪੂਰਾ ਭਾਅ ਮਿਲ ਸਕੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਬੰਧਤ ਵਿਭਾਗ ਨੂੰ ਆਲੂਆਂ ਦੀ ਬਰਾਮਦ ਸਬੰਧੀ ਵੀ ਢੁੱਕਵੇਂ ਕਦਮ ਚੁੱਕਣ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਂਗਣਵਾੜੀ ਕੇਂਦਰਾਂ ਤੇ ਮਿੱਡ-ਡੇਅ ਮੀਲ ਲਈ ਆਲੂ ਖਰੀਦਣ ਲਈ ਸਕੂਲ ਸਿੱਖਿਆ ਵਿਭਾਗ ਤੇ ਜੇਲ੍ਹ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ ਆਲੂ ਸਿੱਧੇ ਕਿਸਾਨਾਂ ਤੋਂ ਖਰੀਦਣ। ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਜੀਤ ਖੰਨਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਉਦਯੋਗਾਂ ਤੋਂ ਵੀ ਆਲੂ ਉਤਪਾਦਕਾਂ ਲਈ ਸਹਾਇਤਾ ਮੰਗੀ ਹੈ। ਇਸ ਤਹਿਤ ਇਸਕੌਨ ਬਾਲਾਜੀ ਫੂਡਜ਼ ਲਿਮਿਟਡ ਤੇ ਗੌਡਰੇਜ ਟਾਈਸਨ ਫੂਡਜ਼ ਲਿਮਟਿਡ ਜਲਦੀ ਹੀ ਆਲੂਆਂ ਦੀ ਪ੍ਰੋਸੈਸਿੰਗ ਸ਼ਰੂ ਕਰਨਗੇ।