ਚੰਡੀਗੜ੍ਹ: ਮੋਦੀ ਸਰਕਾਰ ਦੇ ਬਜਟ ਦੇ ਐਲਾਨ ਨਾਲ ਹੀ ਇਸ ਦੀ ਆਲੋਚਨਾ ਵੀ ਸ਼ੁਰੂ ਹੋ ਗਈ ਹੈ। ਸਰਕਾਰ ਨੇ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਥੋੜੀ ਰਾਹਤ ਦਿੰਦਿਆਂ ਹਰ ਸਾਲ ਛੇ ਹਜ਼ਾਰ ਰੁਪਏ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜਣ ਦਾ ਐਲਾਨ ਕੀਤਾ ਹੈ। ਸਰਕਾਰ ਦੇ ਇਸ ਐਲਾਨ ਨੂੰ ਵਿਰੋਧੀ ਪਾਰਟੀਆਂ ਊਠ ਦੇ ਮੂੰਹ ਵਿੱਚ ਜੀਰਾ ਕਰਾਰ ਦੇ ਰਹੇ ਹਨ।

ਕਿਸਾਨਾਂ ਲਈ ਕੰਮ ਕਰਨ ਵਾਲੇ ਤੇ ਸਵਰਾਜ ਇੰਡੀਆ ਦੇ ਸੰਸਥਾਪਕ ਯੋਗੇਂਦਰ ਯਾਦਵ ਨੇ ਕਿਹਾ ਕਿ ਜੇ ਕਿਸੇ ਪਰਿਵਾਰ ਵਿੱਚ ਪੰਜ ਮੈਂਬਰ ਹਨ ਤਾਂ ਪ੍ਰਤੀ ਵਿਅਕਤੀ ਸਿਰਫ 3.3 ਰੁਪਏ ਹੀ ਮਿਲਣਗੇ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਇਹ ਬਜਟ ਸਹੀ ਸ਼ਬਦਾਂ ਵਿੱਚ ਕਿਸਾਨਾਂ ਦੇ ਜ਼ਖ਼ਮਾਂ ’ਤੇ ਨਮਕ ਛਿੜਕਣ ਵਰਗਾ ਹੈ।



ਉਨ੍ਹਾਂ ਕਿਹਾ ਕਿ ਮਨਰੇਗਾ ਤੇ ਸੀਨੀਅਰ ਨਾਗਰਿਕਾਂ ਨੂੰ ਮਿਲਣ ਵਾਲੀ ਪੈਨਸ਼ਨ ਤੋਂ ਵੀ ਘੱਟ ਹੈ। ਉਨ੍ਹਾਂ ਕਿਹਾ ਕਿ ਸਵਾਲ ਇਹ ਸੀ ਕਿ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਵਾਲੀ ਸਰਕਾਰ ਨੇ ਹੁਣ ਤਕ ਕਿੰਨੀ ਆਮਦਨ ਵਧਾਈ ਹੈ? ਪਰ ਹੁਣ ਜਵਾਬ ਦੇਣ ਦੀ ਬਜਾਏ ਸਰਕਾਰ ਕਿਸਾਨਾਂ ਦੇ ਵੋਟ ਦਾ ਸੌਦਾ ਕਰਨ ਲੱਗ ਗਈ।

ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਨੇ ਮੋਦੀ ਸਰਕਾਰ ਦੇ ਇਸ ਐਲਾਨ ਬਾਰੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਿਸਾਨ ਨੂੰ ਪ੍ਰਤੀ ਦਿਨ ਸਿਰਫ 16 ਰੁਪਏ ਮਿਲਣਗੇ। ਇਹ ਮਜ਼ਾਕ ਵਰਗਾ ਹੈ।

ਇਸ ਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਲੀਡਰ ਤੇ ਤਿਰੂਵੰਤਪੁਰਮ ਦੇ ਸਾਂਸਦ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਕਿਸੇ ਕਿਸਾਨ ਨੂੰ ਜੇ 500 ਰੁਪਏ ਪ੍ਰਤੀ ਮਹੀਨਾ ਮਿਲ ਰਿਹਾ ਹੈ ਤਾਂ ਇਸ ਨਾਲ ਕੀ ਲਾਭ ਹੋਏਗਾ? ਇਸ ਨਾਲ ਕਿਸਾਨਾਂ ਦੀ ਜ਼ਿੰਦਗੀ ਵਿੱਚ ਕੋਈ ਬਦਲਾਅ ਨਹੀਂ ਆਏਗਾ।