Delhi-NCR Weather and Pollution Report Today 27 April 2022: ਦਿੱਲੀ-ਐਨਸੀਆਰ ਵਿੱਚ ਗਰਮੀ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਹੈ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਮੰਗਲਵਾਰ ਨੂੰ ਦਿੱਲੀ ਦੇ ਸਫਦਰਜੰਗ ਆਬਜ਼ਰਵੇਟਰੀ 'ਚ ਵੱਧ ਤੋਂ ਵੱਧ ਤਾਪਮਾਨ 40.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ ਵੀਰਵਾਰ ਨੂੰ 'ਲੂ' ਪੈਣ ਦਾ ਅਨੁਮਾਨ ਹੈ ਅਤੇ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ।


ਦਿੱਲੀ ਦੇ ਕਈ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ, ਨਜਫ਼ਗੜ੍ਹ ਸਭ ਤੋਂ ਗਰਮ ਸਥਾਨ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 42.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੱਸ ਦਈਏ ਕਿ ਅਫਗਾਨਿਸਤਾਨ 'ਤੇ ਪੱਛਮੀ ਗੜਬੜ ਕਾਰਨ ਅੰਸ਼ਕ ਤੌਰ 'ਤੇ ਬੱਦਲਵਾਈ ਵਾਲੇ ਅਸਮਾਨ ਨੇ ਉੱਤਰੀ-ਪੱਛਮੀ ਭਾਰਤ 'ਚ ਲੰਬੇ ਸਮੇਂ ਤੋਂ ਗਰਮੀ ਦੇ ਕਹਿਰ ਤੋਂ ਕੁਝ ਰਾਹਤ ਦਿੱਤੀ। ਹਾਲਾਂਕਿ, ਅਜੇ ਵੀ ਭਿਆਨਕ ਗਰਮੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।


ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ


ਦਿੱਲੀ 'ਚ 28 ਅਪ੍ਰੈਲ ਤੋਂ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਪਹਿਲਾਂ ਕਿਹਾ ਸੀ ਕਿ ਉੱਤਰ-ਪੱਛਮ ਦੇ ਨਾਲ-ਨਾਲ ਮੱਧ ਭਾਰਤ ਦੇ ਨਾਲ ਲੱਗਦੇ ਹਿੱਸਿਆਂ ਵਿੱਚ ਅਪ੍ਰੈਲ ਵਿੱਚ ਹੋਰ ਤੀਬਰ ਅਤੇ ਲਗਾਤਾਰ ਗਰਮੀ ਦੇ ਹਾਲਾਤ ਬਣਨ ਦੀ ਸੰਭਾਵਨਾ ਹੈ। ਭਾਰਤ ਵਿੱਚ ਪਿਛਲੇ 122 ਸਾਲਾਂ ਵਿੱਚ ਸਭ ਤੋਂ ਗਰਮ ਮਾਰਚ ਮਹੀਨਾ ਦਰਜ ਕੀਤਾ ਗਿਆ, ਇਸ ਦੌਰਾਨ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਭਿਆਨਕ ਗਰਮੀ ਦਾ ਪ੍ਰਕੋਪ ਵੇਖਣ ਨੂੰ ਮਿਲਿਆ।


ਕਦੋਂ ਕੀਤਾ ਜਾਂਦਾ 'ਲੂ' ਦਾ ਐਲਾਨ?


IMD ਮੌਸਮ ਦੀਆਂ ਚੇਤਾਵਨੀਆਂ ਲਈ ਚਾਰ ਰੰਗ ਕੋਡਾਂ ਦੀ ਵਰਤੋਂ ਕਰਦਾ ਹੈ - ਗ੍ਰੀਨ (ਕੋਈ ਕਾਰਵਾਈ ਦੀ ਲੋੜ ਨਹੀਂ), ਯੈਲੋ (ਨਿਗਾਹ ਰੱਖੋ ਅਤੇ ਅਪਡੇਟ ਰਹੋ), ਓਰੇਂਜ (ਤਿਆਰ ਰਹੋ) ਅਤੇ ਰੈੱਡ (ਕਾਰਵਾਈ ਕਰੋ)। ਦਿੱਲੀ ਵਿੱਚ ਇਸ ਸਾਲ ਅਪ੍ਰੈਲ ਵਿੱਚ ਅੱਠ ਦਿਨ ਲੂ ਦਰਜ ਕੀਤੀ ਗਈ ਹੈ, ਜੋ ਕਿ 2010 ਤੋਂ ਬਾਅਦ ਸਭ ਤੋਂ ਵੱਧ ਹੈ। ਅਪ੍ਰੈਲ 2010 ਵਿੱਚ 11 ਦਿਨ ਦੀ ਹੀਟਵੇਵ ਰਿਕਾਰਡ ਕੀਤੀ ਗਈ ਸੀ।


ਮੈਦਾਨੀ ਖੇਤਰਾਂ ਵਿੱਚ ਜਦੋਂ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਅਤੇ ਆਮ ਨਾਲੋਂ 4.5 ਡਿਗਰੀ ਸੈਲਸੀਅਸ ਵੱਧ ਹੁੰਦਾ ਹੈ, ਤਾਂ ਲੂ ਵਰਗੇ ਹਾਲਾਤਾਂ ਦਾ ਐਲਾਨ ਕੀਤਾ ਜਾਂਦਾ ਹੈ। ਜੇਕਰ ਤਾਪਮਾਨ ਆਮ ਨਾਲੋਂ 6.4 ਡਿਗਰੀ ਵੱਧ ਹੁੰਦਾ ਹੈ, ਤਾਂ ਇਸ ਨੂੰ ਗੰਭੀਰ ਲੂ ਦੀ ਸਥਿਤੀ ਵਜੋਂ ਐਲਾਨਿਆ ਜਾਂਦਾ ਹੈ।


ਦਿੱਲੀ-NCR 'ਚ ਬੁੱਧਵਾਰ ਨੂੰ ਕਿਹੋ ਜਿਹਾ ਰਹੇਗਾ ਮੌਸਮ?


ਮੰਗਲਵਾਰ ਨੂੰ ਦਿੱਲੀ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ 1 ਡਿਗਰੀ ਜ਼ਿਆਦਾ 24.9 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2 ਡਿਗਰੀ ਜ਼ਿਆਦਾ 40.8 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ।


ਹਵਾ ਵਿੱਚ ਨਮੀ ਦਾ ਪੱਧਰ 22 ਤੋਂ 37 ਫੀਸਦੀ ਰਿਹਾ।


ਬੁੱਧਵਾਰ ਨੂੰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 43 ਅਤੇ ਘੱਟੋ-ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮੌਸਮ ਸਾਫ਼ ਰਹੇਗਾ।


ਨੋਇਡਾ ਵਿੱਚ ਵੱਧ ਤੋਂ ਵੱਧ ਤਾਪਮਾਨ 45.5 ਅਤੇ ਘੱਟੋ-ਘੱਟ ਤਾਪਮਾਨ 33.1 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇੱਥੇ ਵੀ ਮੌਸਮ ਸਾਫ਼ ਰਹੇਗਾ।


ਗੁਰੂਗ੍ਰਾਮ ਵਿੱਚ ਵੱਧ ਤੋਂ ਵੱਧ ਤਾਪਮਾਨ 43 ਅਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਅਸਮਾਨ ਸਾਫ਼ ਹੋ ਜਾਵੇਗਾ।


ਇਹ ਵੀ ਪੜ੍ਹੋ: Shimla Fire Broke Out: ਸ਼ਿਮਲਾ 'ਚ HRTC ਦੀ ਵਰਕਸ਼ਾਪ ਵਿੱਚ ਲੱਗੀ ਅੱਗ, ਸ਼ਾਰਟ ਸਰਕਟ ਰਿਹਾ ਕਾਰਨ