ਹੁਸ਼ਿਆਰਪੁਰ: ਕੰਢੀ ਇਲਾਕੇ ਵਿੱਚ ਕਿਸਾਨਾਂ ਨੂੰ ਆਧੁਨਿਕ ਸਿੰਚਾਈ ਨਾਲ ਕਾਫੀ ਲਾਭ ਮਿਲ ਰਿਹਾ ਹੈ। ਬੰਜਰ ਹੋਈ ਜ਼ਮੀਨ ਤਕ ਪਹਿਲਾਂ ਕੰਢੀ ਕੈਨਾਲ ਦਾ ਨਿਰਮਾਣ ਕਰਵਾਇਆ ਗਿਆ ਤੇ ਖੇਤਾਂ ਤਕ ਪਾਣੀ ਪਹੁੰਚਾਉਣ ਲਈ ਸੋਲਰ ਲਿਫਟ ਇਰੀਗੇਸ਼ਨ ਪ੍ਰਾਜੈਕਟ ਸਥਾਪਤ ਕੀਤਾ ਗਿਆ ਹੈ।


ਪਿੰਡ ਜੁਗਿਆਲ ਵਿਚਲਾ ਇਹ ਪ੍ਰਾਜੈਕਟ ਪੰਜਾਬ ਦਾ ਪਹਿਲਾ ਸੋਲਰ ਲਿਫਟ ਇਰੀਗੇਸ਼ਨ ਪ੍ਰਾਜੈਕਟ ਹੈ ਜਿਸ ਨੂੰ ਸਰਕਾਰ ਨੇ 40.93 ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਹੈ। ਇਸ ਪ੍ਰਾਜੈਕਟ ਰਾਹੀਂ ਕਿਸਾਨ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਬਦਲਵੀਂ ਖੇਤੀ ਨੂੰ ਤਰਜੀਹ ਦੇ ਕੇ ਆਪਣੀ ਆਮਦਨ ਵਿੱਚ ਹੋਰ ਵਾਧਾ ਕਰ ਰਹੇ ਹਨ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਸੋਲਰ ਲਿਫ਼ਟ ਇਰੀਗੇਸ਼ਨ ਪ੍ਰਾਜੈਕਟ (ਸੋਲਰ ਪਾਵਰਡ ਕਮਿਊਨਿਟੀ ਲਿਫਟ ਐਂਡ ਮਾਈਕਰੋ ਇਰੀਗੇਸ਼ਨ ਪ੍ਰੋਜੈਕਟ) ਰਾਹੀਂ ਤਲਵਾੜਾ ਤੇ ਹਾਜੀਪੁਰ ਇਲਾਕੇ ਦੇ 14 ਪਿੰਡਾਂ ਦੇ 1200 ਕਿਸਾਨਾਂ ਦੀ ਕਰੀਬ 1700 ਏਕੜ (664 ਹੈਕਟੇਅਰ) ਜ਼ਮੀਨ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।



ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਉਕਤ ਕਿਸਾਨਾਂ ਦੀਆਂ ਉੱਚੀਆਂ ਜ਼ਮੀਨਾਂ 'ਤੇ ਤੁਪਕਾ ਤੇ ਫੁਹਾਰਾ ਸਿੰਜਾਈ ਪ੍ਰਣਾਲੀ ਰਾਹੀਂ ਪਾਣੀ ਪਹੁੰਚਾਇਆ ਜਾ ਰਿਹਾ ਹੈ, ਜਿਸ ਨਾਲ ਪਾਣੀ ਦੀ ਵੀ ਬੱਚਤ ਹੋ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰੋਜੈਕਟ ਦੀ ਸਮਰੱਥਾ ਕੰਢੀ ਕੈਨਾਲ ਰਾਹੀਂ ਰੋਜ਼ਾਨਾ 15.7 ਕਿਊਸਿਕ ਪਾਣੀ ਡਰਿੱਪ ਟੈਕਨਾਲੋਜੀ ਨਾਲ ਲਿਫ਼ਟ ਕਰਕੇ ਖੇਤਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ। 14 ਪਿੰਡਾਂ ਦੀ ਸਿੰਜਾਈ ਲਈ ਹਰ ਲੋੜ ਤੁਪਕਾ ਤੇ ਫੁਹਾਰਾ ਸਿਸਟਮ ਰਾਹੀਂ ਪੂਰੀ ਕੀਤੀ ਜਾ ਰਹੀ ਹੈ।

ਸੋਲਰ ਪੈਨਲ ਰਾਹੀਂ ਰੋਜ਼ਾਨਾ 1100 ਕਿਲੋਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਤੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਕੰਢੀ ਖੇਤਰ ਦੇ ਕਿਸਾਨ ਹੁਣ ਹਲਦੀ, ਅਦਰਕ, ਸਰ੍ਹੋਂ, ਫਲਾਂ ਦੇ ਬਾਗ਼, ਸਬਜ਼ੀਆਂ, ਦਾਲਾਂ, ਕਣਕ, ਮੱਕੀ ਅਤੇ ਲੈਮਨ ਗਰਾਸ ਆਦਿ ਦੀ ਕਾਸ਼ਤ ਕਰ ਰਹੇ ਹਨ। ਇਨ੍ਹਾਂ ਸਾਰੀਆਂ ਫ਼ਸਲਾਂ ਵਿੱਚ ਰਿਵਾਇਤੀ ਫ਼ਸਲ ਝੋਨੇ ਦੇ ਮੁਕਾਬਲੇ ਪਾਣੀ ਦੀ ਬਹੁਤ ਘੱਟ ਵਰਤੋਂ ਹੁੰਦੀ ਹੈ।

ਤਲਵਾੜਾ ਦੇ ਐਸ.ਡੀ.ਓ. ਤਲਵਾੜਾ ਕੇਸ਼ਵ ਕੁਮਾਰ ਨੇ ਦੱਸਿਆ ਕਿ ਭੂਮੀ ਰੱਖਿਆ ਤੇ ਜਲ ਸੰਭਾਲ ਵਿਭਾਗ ਨੇ ਤਿੰਨ ਏਕੜ ਵਿੱਚ ਡੈਮੋ ਪਲਾਟ (ਪ੍ਰਦਰਸ਼ਨੀਆਂ) ਵੀ ਲਾਏ ਗਏ ਹਨ, ਜਿਸ ਤੋਂ ਕਿਸਾਨ ਆਪਣੀਆਂ ਫ਼ਸਲਾਂ ਨੂੰ ਪਾਣੀ ਲਾਉਣ ਲਈ ਤੁਪਕਾ ਸਿੰਜਾਈ ਦੀ ਵਰਤੋਂ ਕਰਨੀ ਸੇਧ ਲੈ ਸਕਦੇ ਹਨ।