ਸੋਨੀਪਤ: ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਮਗਰੋਂ ਸੰਯੁਕਤ ਕਿਸਾਨ ਮੋਰਚਾ ਨੇ ਹੁਣ ਐਮਐਸਪੀ ਦੇ ਮੁੱਦੇ ਨੂੰ ਲੈ ਕੇ 31 ਜਨਵਰੀ ਨੂੰ ਦੇਸ਼ ਭਰ 'ਚ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਹੈ। ਉੱਥੇ ਹੀ ਕੁਝ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਲੋਹੇ ਦੀਆਂ ਜੰਜ਼ੀਰਾਂ 'ਚ ਖੁਦ ਨੂੰ ਬੰਨ੍ਹ ਕੇ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਕਿਸਾਨਾਂ ਨੇ ਦਿੱਲੀ ਬਾਰਡਰ ਤੋਂ ਪੈਦਲ ਮਾਰਚ ਸ਼ੁਰੂ ਕੀਤਾ ਹੈ। ਇਹ ਪੈਦਲ ਮਾਰਚ ਰਾਹੀਂ ਕਿਸਾਨ ਦਿੱਲੀ ਜੰਤਰ-ਮੰਤਰ ਤੱਕ ਜਾਣ ਦੀ ਗੱਲ ਕਰ ਰਹੇ ਹਨ, ਪਰ ਕਿਸਾਨਾਂ ਨੂੰ ਦਿੱਲੀ ਦੇ ਸਿੰਘੂ ਬਾਰਡਰ 'ਤੇ ਦਿੱਲੀ ਤੇ ਹਰਿਆਣਾ ਪੁਲਿਸ ਨੇ ਰੋਕ ਲਿਆ। ਇਸ ਸਮੇਂ ਦਿੱਲੀ ਪੁਲਿਸ ਦੇ ਉੱਚ ਅਧਿਕਾਰੀ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ।



ਦੱਸ ਦਈਏ ਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਤਾਂ ਮੁਲਤਵੀ ਹੋ ਗਿਆ ਹੈ ਪਰ ਇੱਕ ਵਾਰ ਫਿਰ ਕਿਸਾਨਾਂ ਨੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਪੈਦਲ ਮਾਰਚ ਸ਼ੁਰੂ ਕਰ ਦਿੱਤੀ ਹੈ। ਸੋਨੀਪਤ ਦੇ ਸਿੰਘੂ ਬਾਰਡਰ ਤੋਂ ਕਿਸਾਨਾਂ ਨੇ ਲੋਹੇ ਦੀਆਂ ਜ਼ੰਜੀਰਾਂ 'ਚ ਖੁਦ ਨੂੰ ਬੰਨ੍ਹ ਕੇ ਪੈਦਲ ਮਾਰਚ ਸ਼ੁਰੂ ਕੀਤਾ ਹੈ ਤੇ ਦਿੱਲੀ ਜੰਤਰ-ਮੰਤਰ ਤੱਕ ਇਸ ਮਾਰਚ ਨੂੰ ਜਾਰੀ ਰੱਖਣ ਦੀ ਗੱਲ ਕਹਿ ਰਹੇ ਹਨ।

ਦਿੱਲੀ ਸਿੰਘੂ ਬਾਰਡਰ 'ਤੇ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਰੋਕ ਲਿਆ। ਇਸ ਦੇ ਨਾਲ ਹੀ ਇੱਕ ਵਾਰ ਫਿਰ ਸਿੰਘੂ ਬਾਰਡਰ 'ਤੇ ਲੰਮਾ ਜਾਮ ਲੱਗਾ ਗਿਆ ਹੈ। ਲੋਹੇ ਦੀਆਂ ਜੰਜ਼ੀਰਾਂ ਨਾਲ ਬੰਨ੍ਹੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਿਸਾਨ ਅੰਦੋਲਨ 'ਚ ਸ਼ਾਮਲ ਰਹੇ ਹਨ ਤੇ ਸ਼ੁਰੂ ਤੋਂ ਹੀ ਉਨ੍ਹਾਂ ਦੀ ਮੰਗ ਘੱਟੋ-ਘੱਟ ਸਮਰਥਨ ਮੁੱਲ ਦੀ ਰਹੀ ਹੈ, ਕਿਉਂਕਿ ਘੱਟੋ-ਘੱਟ ਸਮਰਥਨ ਮੁੱਲ ਹੀ ਕਿਸਾਨਾਂ ਨੂੰ ਜਿਊਂਦਾ ਰੱਖ ਸਕਦਾ ਹੈ ਤੇ ਅੱਜ ਦੇਸ਼ ਭਰ ਦੇ ਕਿਸਾਨਾਂ ਵੱਲੋਂ ਪੈਦਲ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਬਾਰੇ ਪਹਿਲਾਂ ਹੀ ਸੰਸਦ ਤੇ ਦਿੱਲੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਪਰ ਫਿਲਹਾਲ ਉਨ੍ਹਾਂ ਨੂੰ ਇੱਥੇ ਹੀ ਰੋਕ ਦਿੱਤਾ ਗਿਆ ਹੈ।

ਪੈਦਲ ਮਾਰਚ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਤੇ ਅਜੇ ਤੱਕ ਐਮਐਸਪੀ ਦੀ ਕੋਈ ਗਾਰੰਟੀ ਨਹੀਂ ਦਿੱਤੀ ਹੈ। ਐਮਐਸਪੀ 'ਤੇ ਕਿਸਾਨਾਂ ਨੇ ਸਾਰੇ ਕਿਸਾਨਾਂ ਨੂੰ ਅੰਦੋਲਨ ਕਰਨ ਦੀ ਗੱਲ ਕਹੀ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਅਪੀਲ ਕਰਦੇ ਹਨ ਕਿ ਦੇਸ਼ ਦੇ ਸਾਰੇ ਕਿਸਾਨਾਂ ਨੂੰ ਐਮਐਸਪੀ ਲਈ ਖੜ੍ਹੇ ਹੋਣਾ ਚਾਹੀਦਾ ਹੈ ਤਾਂ ਕਿ ਸਰਕਾਰ ਝੁਕ ਕੇ ਐਮਐਸਪੀ ਦੇਵੇ। ਸਿਰਫ਼ ਐਮਐਸਪੀ ਅਜਿਹੀ ਚੀਜ਼ ਹੈ, ਜਿਸ ਨਾਲ ਕਿਸਾਨ ਬੱਚ ਸਕਦੇ ਹਨ। ਫਿਲਹਾਲ ਦਿੱਲੀ ਪੁਲਿਸ ਸਾਰੇ ਕਿਸਾਨਾਂ ਨੂੰ ਹਿਰਾਸਤ 'ਚ ਲੈ ਕੇ ਅਲੀਪੁਰ ਥਾਣੇ ਲੈ ਗਈ ਹੈ।